ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਤੇ ਭਾਰਤ ਵਿਚਕਾਰ ਤਣਾਅ ਜਾਰੀ ਹੈ। ਇਸ ਦੇ ਮੱਦੇ ਨਜ਼ਰ ਭਾਰਤੀ ਨੇਵੀ ਨੇ ਗੁਆਂਢੀ ਦੇਸ਼ ਵੱਲੋਂ ਸੰਭਾਵਿਤ ਅੱਤਵਾਦੀ ਹਮਲੇ ਦੇ ਖ਼ਦਸ਼ਾ ਦੇ ਚਲਦੇ ਆਪਣੇ ਸਾਰੇ ਠਿਕਾਣਿਆਂ ਅਤੇ ਯੁੱਧ ਪੋਤਾਂ ਨੂੰ ਅਲਰਟ ਕਰ ਦਿੱਤਾ ਹੈ। ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ’ਚ ਆਪਣਾ ਅੱਡਾ ਬਣਾ ਕੇ ਰਹਿ ਰਹੇ ਅੱਤਵਾਦੀ ਹੁਣ ਸਮੁੰਦਰ ਦੇ ਰਸਤੇ ਦਾਖ਼ਲ ਹੋ ਕੇ ਭਾਰਤ ਵਿੱਚ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ।
ਸੂਤਰਾਂ ਮੁਤਾਬਕ ਪੂਰਬੀ ਤੇ ਪੱਛਮੀ ਸਮੁੰਦਰੀ ਕੰਢਿਆਂ ਉੱਤੇ ਸਖ਼ਤ ਸੁਰੱਖਿਆ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸੋਮਵਾਰ ਨੂੰ ਧਾਰਾ 370 ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਬਿੱਲ ਪਾਸ ਹੋਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਹੀ ਭਾਰਤ ਵਿਰੋਧੀ ਬਿਆਨ ਦੇ ਰਿਹਾ ਹੈ। ਦੱਸਣਯੋਗ ਹੈ ਕਿ ਪਾਕਿ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਇਤਿਹਾਸਕ ਕਦਮ ਤੋਂ ਬਾਅਦ ਭਾਰਤ ਵਿਰੁੱਧ “ਸਾਰੇ ਵਿਕਲਪਾਂ ਦੀ ਵਰਤੋਂ” ਕਰੇਗਾ।
ਧਾਰਾ 370 ਅਤੇ 35 ਏ ਨੇ ਜੰਮੂ-ਕਸ਼ਮੀਰ ਨੂੰ ਦਿੱਤਾ ਅੱਤਵਾਦ: ਮੋਦੀ
ਵੀਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ “ਸਾਰੇ ਵਿਕਲਪਾਂ ਦੀ ਵਰਤੋਂ” ਕਰਨ ਦੇ ਨਿਰਦੇਸ਼ ਦਿੱਤੇ ਹਨ। ਪਾਕਿਸਤਾਨ ਨੇ ਵਾਰ-ਵਾਰ ਭਾਰਤ ਵਿਰੁੱਧ ਅੱਤਵਾਦੀ ਹਮਲੇ ਕਰਵਾ ਕੇ ਇੱਕ ਗੈਰ-ਰਾਜਨੀਤਿਕ ਕਦਮ ਚੁੱਕੇ ਹਨ। ਦੂਜੇ ਪਾਸੇ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਪਹਿਲਾਂ ਹੀ ਇਹ ਬਿਆਨ ਦੇ ਚੁੱਕੇ ਹਨ ਕਿ ਹੁਣ ਉਨ੍ਹਾਂ ਦੇ ਜਵਾਨ ਹਰ ਹੱਦ ਤੱਕ ਜਾਣ ਲਈ ਤਿਆਰ ਹਨ। ਉੱਧਰ ਭਾਰਤ ਦੇ ਸਮੁੰਦਰੀ ਕੰਢਿਆਂ ਉੱਤੇ ਰਾਡਾਰ ਤੇ ਸਾਂਝੇ ਆਪ੍ਰੇਸ਼ਨਜ਼ ਸੈਂਟਰ ਪੂਰੀ ਤਰ੍ਹਾਂ ਸਰਗਰਮ ਹਨ।