ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਵਿੱਚ ਟਿੱਡੀਆਂ ਦਾ ਕਹਿਰ ਜਾਰੀ ਹੈ। ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਰਾਸ਼ਟਰ ਵਿੱਚ ਟਿੱਡੀ ਦਲ ਨੇ ਹਫੜਾ-ਦਫੜੀ ਮਚਾ ਦਿੱਤੀ ਹੈ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹਰਿਆਣਾ ਤੋਂ ਬਾਅਦ ਹੁਣ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਰੇਗਿਸਤਾਨੀ ਟਿੱਡੀਆਂ ਵੱਡੇ ਪੱਧਰ 'ਤੇ ਫਸਲਾਂ ਨੂੰ ਖ਼ਰਾਬ ਕਰ ਰਹੀਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ 3 ਦਹਾਕਿਆਂ ਵਿੱਚ ਇਹ ਸਭ ਤੋਂ ਭਿਆਨਕ ਟਿੱਡੀਆਂ ਦਾ ਹਮਲਾ ਹੈ। ਖੇਤੀਬਾੜੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਦੇ 20 ਜ਼ਿਲ੍ਹਿਆਂ, ਮੱਧ ਪ੍ਰਦੇਸ਼ ਦੇ 9, ਗੁਜਰਾਤ ਵਿੱਚ 2 ਅਤੇ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਇੱਕ-ਇੱਕ ਜ਼ਿਲ੍ਹੇ ਦੇ 47000 ਹੈਕਟੇਅਰ ਵਿਚ ਫੈਲੇ 303 ਥਾਵਾਂ 'ਤੇ ਟਿੱਡੀਆਂ ਦੀ ਰੋਕਥਾਮ ਲਈ ਉਪਾਅ ਅਤੇ ਛਿੜਕਾਅ ਕਾਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕੋਰੋਨਾ ਸੰਕਟ: ਪੰਜਾਬ ਨੇ ਕੇਂਦਰ ਤੋਂ ਮੰਗੀ 51 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ
ਸਰਕਾਰ ਸਪਰੇਅ ਕਰਨ ਵਾਲੀਆਂ ਖ਼ਾਸ ਮਸ਼ੀਨਾਂ ਦੀ ਵਰਤੋਂ ਕਰ ਰਹੀ ਹੈ ਅਤੇ ਨਿਗਰਾਨੀ ਲਈ 11 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਥਿਤੀ ਦੀ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਰਾਜ ਦੇ ਖੇਤੀਬਾੜੀ ਮੰਤਰੀਆਂ ਅਤੇ ਕੀਟਨਾਸ਼ਕ ਕੰਪਨੀਆਂ ਦੇ ਨੁਮਾਇੰਦਿਆਂ ਨਾਲ 3 ਮੀਟਿੰਗਾਂ ਕੀਤੀਆਂ ਹਨ। ਸਰਕਾਰ ਕੀਟਨਾਸ਼ਕਾਂ ਦੇ ਹਵਾ 'ਚ ਛਿੜਕਾਅ ਲਈ ਡਰੋਨਾਂ ਦੇ ਟੈਂਡਰ ਵੀ ਮੰਗ ਰਹੀ ਹੈ।
ਪੰਜਾਬ ਦੇ ਡਾਇਰੈਕਟਰ ਖੇਤੀਬਾੜੀ ਸਾਵੰਤ ਕੁਮਾਰ ਅਰੀ ਨੇ ਕਿਹਾ ਕਿ ਪੰਜਾਬ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਤੇ ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਟਿੱਡੀਆਂ ਦੀਆਂ ਹਰਕਤਾਂ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ।