ਗੈਂਗਟੌਕ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੇ ਬਾਵਜੂਦ ਭਾਰਤੀ ਫੌਜ ਨੇ ਸਿੱਕਿਮ ਵਿੱਚ ਚੀਨੀ ਨਾਗਰਿਕਾਂ ਦੀ ਮਦਦ ਕੀਤੀ। ਦਰਅਸਲ, ਤਿੰਨ ਚੀਨੀ ਨਾਗਰਿਕ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ, ਉੱਤਰੀ ਸਿੱਕਿਮ ਵਿੱਚ 17,500 ਫੁੱਟ ਦੀ ਉਚਾਈ 'ਤੇ ਆਪਣਾ ਰਾਹ ਭਟਕ ਬੈਠੇ, ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਉਨ੍ਹਾਂ ਦੀ ਮਦਦ ਕੀਤੀ। ਇਹ ਘਟਨਾ 3 ਸਤੰਬਰ ਦੀ ਹੈ।
ਇਹ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਪਿਛਲੇ ਚਾਰ ਮਹੀਨਿਆਂ ਤੋਂ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦੇ ਆਹਮੋ-ਸਾਹਮਣੇ ਡਟੇ ਹਨ। ਚੀਨੀ ਨਾਗਰਿਕਾਂ ਦੇ ਜੀਵਨ 'ਤੇ ਸੰਕਟ ਨੂੰ ਵੇਖਦੇ ਹੋਏ, ਭਾਰਤੀ ਫ਼ੌਜ ਦੇ ਜਵਾਨ ਤੁਰੰਤ ਉਨ੍ਹਾਂ ਕੋਲ ਪਹੁੰਚੇ ਅਤੇ ਸਖ਼ਤ ਮੌਸਮ ਦੀ ਸਥਿਤੀ ਵਿੱਚ ਡਾਕਟਰੀ ਸਹਾਇਤਾ, ਭੋਜਨ ਅਤੇ ਗਰਮ ਕੱਪੜੇ ਮੁਹੱਈਆ ਕਰਵਾਏ।
ਇਸ ਮਗਰੋਂ ਭਾਰਤੀ ਫੌਜ ਨੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਦੀ ਸਹੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵਾਪਸ ਭੇਜਿਆ। ਚੀਨੀ ਨਾਗਰਿਕਾਂ ਨੇ ਭਾਰਤੀ ਫ਼ੌਜ ਦੀ ਇਸ ਤੁਰੰਤ ਸਹਾਇਤਾ ਲਈ ਧੰਨਵਾਦ ਪ੍ਰਗਟਾਇਆ।