ਨਵੀਂ ਦਿੱਲੀ: ਭਾਰਤੀ ਹਵਾਈ ਫੌਜ (ਆਈਏਐਫ) ਨੇ ਬੋਇੰਗ ਤੋਂ ਪਿਛਲੇ ਮਹੀਨੇ 20 ਅਪਾਚੇ ਲੜਾਕੂ ਹੈਲੀਕਾਪਟਰਾਂ ਵਿੱਚੋਂ ਆਖਰੀ 5 ਨੂੰ ਵੀ ਹਾਸਲ ਕਰ ਲਿਆ ਹੈ। ਹਵਾਈ ਫੌਜ ਨੂੰ ਮਾਰਚ 'ਚ ਸਪਲਾਈ ਹੋਣ ਦੀ ਉਮੀਦ ਸੀ ਪਰ ਕੋਵਿਡ ਮਹਾਂਮਾਰੀ ਕਾਰਨ ਇਸ ਵਿੱਚ ਦੇਰੀ ਹੋ ਗਈ।
ਮਾਰਚ ਵਿੱਚ ਏਅਰ ਫੋਰਸ ਨੂੰ ਪੰਜ ਚਿਨੁਕ ਹੈਵੀ-ਲਿਫਟ ਹੈਲੀਕਾਪਟਰ ਹਾਸਲ ਹੋਏ। ਬੋਇੰਗ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਸਾਰੇ ਨਵੇ ਏਐਚ-64ਈ ਅਪਾਚੇ ਅਤੇ ਸੀਐਚ-47 ਐਫ (ਆਈ) ਚਿਨੁਕ ਹੈਲੀਕਾਪਟਰ ਦੀ ਸਪਲਾਈ ਆਈਏਐਫ ਨੂੰ ਕਰ ਦਿੱਤੀ ਹੈ।
ਬੋਇੰਗ ਡਿਫੈਂਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰੇਂਦਰ ਆਹੂਜਾ ਨੇ ਕਿਹਾ, “ਫ਼ੌਜੀ ਹੈਲੀਕਾਪਟਰਾਂ ਦੀ ਇਸ ਸਪਲਾਈ ਨਾਲ ਅਸੀਂ ਇਸ ਸਾਂਝੇਦਾਰੀ ਨੂੰ ਨਿਰੰਤਰ ਜਾਰੀ ਰੱਖਾਂਗੇ ਅਤੇ ਭਾਰਤ ਦੀ ਰੱਖਿਆ ਬਲਾਂ ਦੀਆਂ ਰਣਨੀਤਕ ਜ਼ਰੂਰਤਾਂ ਦੀ ਪੂਰਤੀ ਲਈ ਸਹੀ ਮੁੱਲ ਅਤੇ ਸਮਰੱਥਾਵਾਂ ਦੀ ਸਪਲਾਈ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।"
ਸਤੰਬਰ 2015 ਵਿੱਚ ਤਿੰਨ ਅਰਬ ਡਾਲਰ ਦਾ ਸੌਦਾ ਹੋਇਆ ਸੀ, ਜਿਸ ਵਿਚ 22 ਬੋਇੰਗ ਏਐਚ-64 ਈ ਅਪਾਚੇ ਲੜਾਕੂ ਹੈਲੀਕਾਪਟਰ ਅਤੇ 15 ਚਿਨੁਕ ਹੈਵੀ ਲਿਫਟ ਹੈਲੀਕਾਪਟਰ ਸ਼ਾਮਲ ਸਨ। ਚਿਨੁਕ ਹੈਲੀਕਾਪਟਰਾਂ ਲਈ ਸੌਦਾ 1.1 ਬਿਲੀਅਨ ਡਾਲਰ ਦਾ ਸੀ।
ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਅਤੇ ਅਮਰੀਕਾ ਨੇ ਭਾਰਤੀ ਫ਼ੌਜ ਲਈ 6 ਅਪਾਚੇ ਖਰੀਦਣ ਲਈ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਹ ਦਸਤਖ਼ਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਦਿੱਲੀ ਫੇਰੀ ਦੌਰਾਨ ਕੀਤਾ ਗਿਆ ਸੀ। ਹੈਦਰਾਬਾਦ ਸਥਿਤ ਬੋਇੰਗ ਦਾ ਇੱਕ ਸਾਂਝਾ ਉੱਦਮ, ਟਾਟਾ ਬੋਇੰਗ ਏਅਰਸਪੇਸ ਲਿਮਟਿਡ(ਟੀਬੀਏਐਲ), ਅਮਰੀਕੀ ਫੌਜ ਅਤੇ ਕੌਮਾਂਤਰੀ ਗਾਹਕਾਂ ਲਈ ਏਐਚ -64 ਅਪਾਚੇ ਹੈਲੀਕਾਪਟਰ ਦਾ ਏਅਰੋ ਢਾਂਚਾ ਤਿਆਰ ਕਰ ਰਹੀ ਹੈ।