ਨਵੀਂ ਦਿੱਲੀ: 73ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫ਼ੌਜ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਿੰਨੇ ਸੈਨਾਵਾਂ ਦੇ ਮੁਖੀਆਂ ਦੇ ਉੱਪਰ ਇੱਕ ਚੀਫ਼ ਆਫ਼ ਡਿਫੈਂਸ ਸਟਾਫ਼ ਨਿਯੁਕਤ ਕੀਤਾ ਜਾਵੇਗਾ ਜਿਸ ਦਾ ਮਕਸਦ ਥਲ, ਜਲ ਤੇ ਹਵਾਈ ਸੈਨਾ ਵਿਚਾਲੇ ਚੰਗਾ ਤਾਲਮੇਲ ਬਣਾਉਣਾ ਹੋਵੇਗਾ। ਇਸ ਨੂੰ ਵੀ ਮੋਦੀ ਦੇ ਵੱਡੇ ਫ਼ੈਸਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਦੇਸ਼ ਵਿੱਚ ਥਲ, ਜਲ ਤੇ ਹਵਾਈ ਫ਼ੌਜ ਦੇ ਆਪਣੇ-ਆਪਣੇ ਮੁਖੀ ਹਨ। ਭਾਰਤੀ ਫੌਜੀ ਦੀ ਕਮਾਨ ਰਾਸ਼ਟਰਪਤੀ ਕੋਲ ਹੁੰਦੀ ਹੈ। ਮੋਦੀ ਨੇ ਐਲਾਨ ਕੀਤਾ ਹੈ ਕਿ ਹੁਣ ਤਿੰਨੇ ਫ਼ੌਜਾਂ ਦਾ ਇੱਕ ਮੁਖੀ ਹੋਵੇਗਾ ਜਿਸ ਲਈ ਨਵਾਂ ਅਹੁਦਾ ਤਿਆਰ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਭਾਰਤ ਦੀ ਥਲ ਸੈਨਾ ਦੇ ਮੁਖੀ ਚੀਫ਼ ਆਫ਼ ਆਰਮੀ ਸਟਾਫ਼ ਹੁੰਦੇ ਹਨ। ਇਹ ਅਹੁਦਾ ਜਨਰਲ ਪੱਧਰ ਦੇ ਅਧਿਕਾਰੀ ਨੂੰ ਮਿਲਦਾ ਹੈ। ਇਸ ਵੇਲੇ ਜਨਰਲ ਬਿਪਨ ਰਾਵਤ ਇਸ ਅਹੁਦੇ 'ਤੇ ਹਨ। ਇਸੇ ਤਰ੍ਹਾਂ ਹਵਾਈ ਸੇਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਹੁੰਦੇ ਹਨ ਤੇ ਇਸ ਵੇਲੇ ਏਅਰ ਚੀਫ ਮਾਰਸ਼ਲ ਬਰਿੰਦਰ ਸਿੰਘ ਧਨੋਆ ਹਵਾਈ ਸੈਨਾ ਦੇ ਮੁਖੀ ਹਨ। ਜਲ ਸੈਨਾ ਦੀ ਅਗਵਾਈ ਐਡਮਿਰਲ ਰੈਂਕ ਦਾ ਅਧਿਕਾਰੀ ਕਰਦਾ ਹੈ। ਇਸ ਵੇਲੇ ਜਲ ਸੈਨਾ ਦਾ ਮੁਖੀ ਐਡਮਿਰਲ ਕਰਮਬੀਰ ਸਿੰਘ ਹਨ।