ਨਵੀਂ ਦਿੱਲੀ: ਭਾਰਤ ਸਰਕਾਰ ਨੇ ਮੌਰਿਸ਼ਸ 'ਚ ਹੋ ਰਹੀ ਤੇਲ ਲੀਕੇਜ ਨੂੰ ਰੋਕਣ ਅਤੇ ਬਚਾਅ ਕਾਰਜਾਂ 'ਚ ਮਦਦ ਲਈ IAF ਵਿਮਾਨ ਰਾਹੀਂ 30 ਟਨ ਤੋਂ ਵੱਧ ਤਕਨੀਕੀ ਉਪਕਰਣ ਅਤੇ ਬਾਕੀ ਸਮਾਨ ਭੇਜਿਆ ਹੈ।
ਵਿਦੇਸ਼ ਮੰਤਰਾਲਾ ਦੇ ਬਿਆਨ ਅਨੁਸਾਰ ਸਫਾਈ ਅਤੇ ਬਚਾਅ ਕਾਰਜਾਂ 'ਚ ਭੇਜੇ ਗਏ ਇਨ੍ਹਾਂ ਉਪਕਰਣਾਂ 'ਚ ਓਸ਼ੀਯਨ ਬੂਮ, ਰਿਵਰ ਬੂਮ, ਡਿਸਕ ਸਕੀਮਰਜ਼, ਪਾਵਰ ਪੈਕ, ਬਲੋਅਰਜ਼, ਸਾਲਵੇਜ ਬਾਰਜ਼ ਅਤੇ ਹੋਰ ਸਮਾਨ ਸ਼ਾਮਲ ਹੈ। ਇਨ੍ਹਾਂ ਉਪਕਰਣਾਂ ਨੂੰ ਮੁੱਖ ਤੌਰ 'ਤੇ ਤੇਲ ਨੂੰ ਪਾਣੀ ਤੋਂ ਬਾਹਰ ਕੱਢਣ ਲਈ ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਮਦਦ ਲਈ 10 ਮੈਂਬਰੀ ਤਕਨੀਕੀ ਦਲ ਜਿਸ 'ਚ ਆਈਸੀਜੀ ਦੇ ਜਵਾਨ ਸ਼ਾਮਲ ਹਨ ਜਿਨ੍ਹਾਂ ਨੂੰ ਮੌਰਿਸ਼ਸ ਭੇਜਿਆ ਗਿਆ ਹੈ। ਇਨ੍ਹਾਂ ਨੂੰ ਮੁੱਖ ਤੌਰ 'ਤੇ ਤੇਲ ਰਿਸਾਵ ਨੂੰ ਰੋਕਣ ਦੇ ਢੰਗਾਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਗਈ ਹੈ।
ਇਸ ਮਾਮਲੇ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਗਰ ਨੀਤੀ ਕੰਮ ਕਰ ਰਹੀ ਹੈ।
ਵਿਦੇਸ਼ ਮੰਤਰੀ ਦੇ ਅਨੁਸਾਰ, ਭਾਰਤ ਦੁਆਰਾ ਮੌਰਿਸ਼ਸ ਨੂੰ ਭੇਜੀ ਗਈ ਸਹਾਇਤਾ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਤੋਂ ਬਚਾਅ ਦੀ ਨੀਤੀ ਦੇ ਅਨੁਸਾਰ ਹੈ। ਇਹ ਸਹਾਇਤਾ ਪ੍ਰਧਾਨਮੰਤਰੀ ਦੀ ਦੂਰਅੰਦੇਸ਼ੀ ਨੀਤੀ 'ਸਿਕਿਓਰਿਟੀ ਐਂਡ ਡਿਵੈਲਪਮੈਂਟ ਫੌਰ ਆਲ ਇਨ ਦ ਰੀਜ਼ਨ' (ਸਾਗਰ) ਦੁਆਰਾ ਨਿਰਦੇਸ਼ਤ ਹੈ, ਜੋ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਆਪਣੇ ਗੁਆਂਢੀਆਂ ਦੀ ਮਦਦ ਲਈ ਬਣਾਈ ਗਈ ਹੈ।
ਅਚਾਨਕ ਭੇਜੀ ਗਈ ਮਦਦ ਭਾਰਤ ਅਤੇ ਮੌਰਿਸ਼ਸ ਦੇ ਵਿੱਚ ਬਿਹਤਰ ਰਿਸ਼ਤੇ ਅਤੇ ਭਾਰਤ ਦੀ ਮੌਰਿਸ਼ਸ ਦੇ ਲੋਕਾਂ ਲਈ ਮਦਦ ਲਈ ਲੰਮੇ ਸਮੇਂ ਤੋਂ ਸਥਾਈ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਮੌਰਿਸਸ ਨੂੰ ਕੋਵਿਡ-19 ਮਹਾਂਮਾਰੀ ਵਿਰੁੱਧ ਲੜਨ 'ਚ ਵੀ ਮਦਦ ਕੀਤੀ ਸੀ।
ਮੰਤਰਾਲਾ ਨੇ ਦੱਸਿਆ ਕਿ ਮਿਸ਼ਨ ਸਾਗਰ ਤਹਿਤ ਮੌਰਿਸ਼ਸ ਭੇਜੀ ਗਈ ਟੀਮ 'ਚ ਇੱਕ ਡਾਕਟਰੀ ਸਹਾਇਤਾ ਲਈ ਟੀਮ ਵੀ ਰਵਾਨਾ ਕੀਤੀ ਗਈ ਹੈ ਜੋ ਜ਼ਰੂਰੀ ਅਤੇ ਲੋੜੀਂਦੀ ਦਵਾਈਆਂ ਦੀ ਖੇਪ ਲੈ ਕੇ ਗਈ ਹੈ।