ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2 ਲੱਖ 97 ਹਜ਼ਾਰ ਨੂੰ ਪਾਰ ਕਰ ਗਿਆ, ਜਿਸ ਨਾਲ ਭਾਰਤ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਇਹ ਅੰਕੜੇ ਵਰਲਡੋਮੀਟਰਜ਼ ਦੀ ਵੈਬਸਾਈਟ 'ਤੇ ਦਿੱਤੇ ਗਏ ਹਨ।
ਭਾਰਤ ਵਿੱਚ ਲਗਾਤਾਰ ਪਿਛਲੇ 7 ਦਿਨਾਂ ਤੋਂ 9500 ਤੋਂ ਵੱਧ ਕੋਰੋਨਾ ਮਾਮਲੇ ਆ ਰਹੇ ਹਨ। ਇੱਕ ਦਿਨ ਵਿੱਚ ਪਹਿਲੀ ਵਾਰ ਮ੍ਰਿਤਕਾਂ ਦੀ ਗਿਣਤੀ 300 ਤੋਂ ਪਾਰ ਪਹੁੰਚੀ ਹੈ।
ਵਰਲਡੋਮੀਟਰਜ਼ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਕੋਰੋਨਾ ਮਾਮਲਿਆਂ ਵਿੱਚ ਭਾਰਤ ਚੌਥੇ ਸਥਾਨ 'ਤੇ ਹੈ। ਉਸ ਤੋਂ ਵੱਧ ਮਾਮਲੇ ਰੂਸ (5,02,436), ਬ੍ਰਾਜ਼ੀਲ (7,87,489) ਅਤੇ ਅਮਰੀਕਾ (20,76,495) ਵਿੱਚ ਹਨ।
ਸਿਹਤ ਮੰਤਰਾਲੇ ਮੁਤਾਬਕ ਵੀਰਵਰ ਸਵੇਰੇ 8 ਵਜੇ ਤੱਕ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 9,996 ਮਾਮਲੇ ਆਏ ਅਤੇ ਦੇਸ਼ ਵਿੱਚ 2,86,579 ਵਿੱਚ ਕੋਰੋਨਾ ਮਰੀਜ਼ ਹਨ, ਜਿਨ੍ਹਾਂ ਵਿੱਚੋਂ 8,102 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਵਿੱਚੋਂ 70 ਫ਼ੀਸਦੀ ਤੋਂ ਜ਼ਿਆਦਾ ਮਰੀਜ਼ ਹੋਰਨਾ ਬਿਮਾਰੀਆਂ ਤੋਂ ਵੀ ਪੀੜਤ ਸਨ।