ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 26 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 6363 ਮੌਤਾਂ ਹੋ ਚੁੱਕੀਆਂ ਹਨ। ਬੁੱਧਵਾਰ ਨੂੰ ਭਾਰਤ ਵਿੱਚ ਸਭ ਤੋਂ ਵੱਧ 9952 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ 7ਵੇਂ ਦਿਨ 200 ਤੋਂ ਵੱਧ ਮੌਤਾਂ ਹੋਈਆਂ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਭ ਤੋਂ ਵੱਧ 9638 ਮਰੀਜ਼ ਪੌਜ਼ੀਟਿਵ ਆਏ ਸਨ। ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਅਤੇ ਦੁਨੀਆ 'ਚ 7ਵੇਂ ਨੰਬਰ 'ਤੇ ਆ ਗਿਆ ਹੈ।
ਭਾਰਤ ਦੇ ਸਭ ਤੋਂ ਪ੍ਰਭਾਵਿਤ ਰਾਜ ਮਹਾਰਾਸ਼ਟਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 77 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਮਰੀਜ਼ਾਂ ਦੀ ਗਿਣਤੀ 25 ਹਜ਼ਾਰ ਦਾ ਅੰਕੜਾ ਛੂਹ ਗਈ ਹੈ। ਵੀਰਵਾਰ ਨੂੰ ਮਹਾਰਾਸ਼ਟਰ 'ਚ 2933, ਤਾਮਿਲਨਾਡੂ 'ਚ 1384, ਦਿੱਲੀ 'ਚ 1359 ਗੁਜਰਾਤ 'ਚ 492, ਪੱਛਮੀ ਬੰਗਾਲ 'ਚ 368, ਉੱਤਰ ਪ੍ਰਦੇਸ਼ 'ਚ 367, ਹਰਿਆਣਾ 'ਚ 327, ਜੰਮੂ ਕਸ਼ਮੀਰ 'ਚ 285, ਕਰਨਾਟਕ 'ਚ 257, ਰਾਜਸਥਾਨ 'ਚ 205, ਮੱਧ ਪ੍ਰਦੇਸ਼ 'ਚ 174, ਤ੍ਰਿਪੁਰਾ 'ਚ 176 ਪੌਜ਼ੀਟਿਵ ਮਰੀਜ਼ ਸਾਹਮਣੇ ਆਏ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 65 ਲੱਖ ਤੋਂ ਪਾਰ, 3 ਲੱਖ 88 ਹਜ਼ਾਰ ਮੌਤਾਂ
ਭਾਰਤ ਅਤੇ ਰਾਜ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਇੱਕ ਦਿਨ ਵਿੱਚ 274 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਭਾਰਤ ਵਿੱਚ ਹੁਣ 1 ਲੱਖ 6 ਹਜ਼ਾਰ ਐਕਟਿਵ ਮਾਮਲੇ ਹਨ ਅਤੇ 1 ਲੱਖ 4 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।