ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 7 ਦਿਨਾਂ 'ਚ 37 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 38 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 4024 ਮੌਤਾਂ ਹੋ ਚੁੱਕੀਆਂ ਹਨ।
ਐਤਵਾਰ ਨੂੰ 156 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 58 ਮੌਤਾਂ ਸਿਰਫ਼ ਮਹਾਰਾਸ਼ਟਰ ਵਿੱਚ ਹੋਈਆਂ। ਇਸ ਦੇ ਨਾਲ ਹੀ ਦਿੱਲੀ ਵਿੱਚ 30 ਅਤੇ ਗੁਜਰਾਤ ਵਿੱਚ 29 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਉਧਰ ਮੱਧ ਪ੍ਰਦੇਸ਼ 'ਚ 9, ਤਮਿਲਨਾਡੂ 'ਚ 8, ਉੱਤਰ ਪ੍ਰਦੇਸ਼ 'ਚ 6, ਤੇਲੰਗਾਨਾ 'ਚ 4, ਰਾਜਸਥਾਨ ਅਤੇ ਪੱਛਮੀ ਬੰਗਾਲ ਵਿੱਚ 3-3 ਮੌਤਾਂ ਹੋਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 142 ਕੋਰੋਨਾ ਮਰੀਜ਼ਾਂ ਨੇ ਦਮ ਤੋੜਿਆ ਸੀ।
ਇਹ ਵੀ ਪੜ੍ਹੋ: ਪੰਜਾਬ ਤੋਂ ਹੁਣ ਤੱਕ 2060 ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਹੋਈ 122
ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ 1635 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਕੱਲੇ ਮੁੰਬਈ ਵਿਚ 988 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਤਾਮਿਲਨਾਡੂ 100 ਤੋਂ ਵੱਧ ਮੌਤਾਂ ਨਾਲ ਦੇਸ਼ ਦਾ 8ਵਾਂ ਰਾਜ ਬਣ ਗਿਆ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ ਹੈ।