ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 2 ਦਿਨਾਂ ਤੋਂ ਲਗਾਤਾਰ ਰਿਕਾਰਡ 8 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 81 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 5185 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਕੁੱਲ ਮਾਮਲਿਆਂ 'ਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਆ ਗਿਆ ਹੈ ਤੇ ਦੁਨੀਆ 'ਚ 9ਵੇਂ ਨੰਬਰ 'ਤੇ।
ਪਿਛਲੇ 24 ਘੰਟਿਆਂ 'ਚ ਸਭ ਤੋਂ ਵੱਧ 8332 ਨਵੇਂ ਮਾਮਲੇ ਸਾਹਮਣੇ ਆਏ ਜਦਕਿ 4303 ਵਿਅਕਤੀ ਠੀਕ ਹੋਏ ਅਤੇ 205 ਦੀ ਮੌਤ ਹੋ ਗਈ। ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਰੇਟ ਵਧ ਕੇ 47.40% ਹੋ ਗਈ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਤਾਲਾਬੰਦੀ ਨੂੰ 15 ਜੂਨ ਅਤੇ ਪੰਜਾਬ ਵਿੱਚ 30 ਜੂਨ ਤੱਕ ਵਧਾ ਦਿੱਤਾ। ਹਾਲਾਂਕਿ, ਸਾਰੇ ਰਾਜ ਕੇਂਦਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਾਬੰਦੀਆਂ ਵਿੱਚ ਛੋਟ ਦੇਣਗੇ। ਦੇਸ਼ ਵਿੱਚ ਤਾਲਾਬੰਦੀ ਦਾ ਪੰਜਵਾਂ ਪੜਾਅ 30 ਜੂਨ ਤੱਕ ਜਾਰੀ ਰਹੇਗਾ। ਇਸ ਮਿਆਦ ਦੇ ਦੌਰਾਨ ਕੰਟੇਨਮੈਂਟ ਜ਼ੋਨ ਵਿੱਚ ਕੋਈ ਛੋਟ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਦੇਸ਼ 'ਚ 30 ਜੂਨ ਤੱਕ ਵਧਿਆ ਲੌਕਡਾਊਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਸ਼ਨੀਵਾਰ ਨੂੰ ਮਹਾਰਾਸ਼ਟਰ ਵਿੱਚ 2940, ਦਿੱਲੀ ਵਿੱਚ 1163, ਤਾਮਿਲਨਾਡੂ ਵਿੱਚ 938, ਗੁਜਰਾਤ ਵਿੱਚ 412, ਪੱਛਮੀ ਬੰਗਾਲ ਵਿੱਚ 317, ਉੱਤਰ ਪ੍ਰਦੇਸ਼ ਵਿੱਚ 256, ਰਾਜਸਥਾਨ ਵਿੱਚ 252, ਮੱਧ ਪ੍ਰਦੇਸ਼ ਵਿੱਚ 246, ਬਿਹਾਰ ਵਿੱਚ 206, ਹਰਿਆਣਾ ਵਿੱਚ 202, ਜੰਮੂ-ਕਸ਼ਮੀਰ ਵਿੱਚ 177, ਅਸਾਮ ਵਿੱਚ 128 ਅਤੇ ਕਰਨਾਟਕ ਵਿੱਚ 141 ਨਵੇਂ ਮਰੀਜ਼ ਸਾਹਮਣੇ ਆਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਨੂੰ ਰਿਕਾਰਡ 8140 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸੀ।