ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 8 ਦਿਨਾਂ 'ਚ 43 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 44 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 4172 ਮੌਤਾਂ ਹੋ ਚੁੱਕੀਆਂ ਹਨ।
ਸੋਮਵਾਰ ਨੂੰ ਇੱਕ ਦਿਨ ਵਿੱਚ 148 ਕੋਰੋਨਾ ਦੀ ਮਰੀਜ਼ਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿੱਚ ਹੁਣ ਤੱਕ 1695 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 1026 ਮੌਤਾਂ ਸਿਰਫ਼ ਮੁੰਬਈ ਵਿੱਚ ਹੋਈਆਂ ਹਨ। ਮੁੰਬਈ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਮੌਤ ਦਾ ਅੰਕੜਾ 1000 ਤੋਂ ਪਾਰ ਹੋ ਗਿਆ ਹੈ। ਉਥੇ ਹੀ ਮੱਧ ਪ੍ਰਦੇਸ਼ ਵਿੱਚ ਵੀ ਮੌਤ ਦਾ ਅੰਕੜਾ 300 ਹੋ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਤੋਂ ਹੁਣ ਤੱਕ 2081 ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਹੋਈ 128
ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 60, ਗੁਜਰਾਤ ਵਿੱਚ 30, ਦਿੱਲੀ ਵਿੱਚ 15 ਅਤੇ ਮੱਧ ਪ੍ਰਦੇਸ਼ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ 8, ਤਾਮਿਲਨਾਡੂ ਵਿੱਚ 7, ਪੱਛਮੀ ਬੰਗਾਲ ਵਿੱਚ 6, ਤੇਲੰਗਾਨਾ ਵਿੱਚ 3, ਰਾਜਸਥਾਨ, ਬਿਹਾਰ, ਕਰਨਾਟਕ ਅਤੇ ਜੰਮੂ ਕਸ਼ਮੀਰ ਵਿੱਚ 2-2, ਜਦਕਿ ਉਤਰਾਖੰਡ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। ਦੱਸ ਦਈਏ ਕਿ ਐਤਵਾਰ ਨੂੰ 156 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸਨ।