ਨਵੀਂ ਦਿੱਲੀ: ਲੱਦਾਖ ਵਿਖੇ ਭਾਰਤ-ਚੀਨ ਦੇ ਫੌਜਿਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਤਣਾਅ ਨੂੰ ਘਟ ਕਰਨ ਲਈ ਦੋਵਾਂ ਦੇਸ਼ਾ ਦੇ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਕੁਝ ਸਕਾਰਾਤਮਕ ਬਿੰਦੂਆਂ 'ਤੇ ਖ਼ਤਮ ਹੋ ਗਈ। ਹਾਲਾਂਕਿ, ਕੋਈ ਠੋਸ ਹੱਲ ਨਹੀਂ ਲੱਭ ਸਕਿਆ ਗਿਆ।
ਸੂਤਰਾਂ ਨੇ ਦੱਸਿਆ ਕਿ ਚੀਨ ਨਾਲ ਗੱਲਬਾਤ ਵਧੇਰੇ ਸੁਖਾਵੇਂ ਮਾਹੌਲ ਵਿੱਚ ਹੋਈ। ਗੱਲਬਾਤ ਨੂੰ ਹੋਰ ਅੱਗੇ ਲਿਜਾਣ ਲਈ ਸਹਿਮਤੀ ਬਣੀ ਹੈ। ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਸ਼ੁੱਕਰਵਾਰ ਨੂੰ ਵੀ ਗੱਲਬਾਤ ਹੋਣ ਦੀ ਉਮੀਦ ਹੈ।
ਕੋਈ ਭਾਰਤੀ ਜਵਾਨ ਲਾਪਤਾ ਨਹੀਂ
ਭਾਰਤੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਸੈਨਿਕਾਂ ਨਾਲ ਹਿੰਸਕ ਝੜਪਾਂ ਵਿੱਚ ਸ਼ਾਮਲ ਕੋਈ ਵੀ ਭਾਰਤੀ ਜਵਾਨ ਲਾਪਤਾ ਨਹੀਂ ਹੈ। ਦੱਸ ਦਈਏ ਕਿ ਝੜਪ ਤੋਂ ਬਾਅਦ ਸੋਮਵਾਰ ਰਾਤ ਤੋਂ 10 ਭਾਰਤੀ ਸੈਨਿਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਆ ਰਹੀਆਂ ਸਨ।
ਫੌਜ ਕੋਲ ਹਥਿਆਰ ਸਨ ਪਰ ਨਹੀਂ ਚਲਾਈ ਗੋਲੀ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਸੋਮਵਾਰ ਦੀ ਰਾਤ ਨੂੰ ਝੜਪ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਕੋਲ ਹਥਿਆਰ ਸਨ ਪਰ ਉਨ੍ਹਾਂ ਨੇ ਚੀਨੀ ਸੈਨਿਕਾਂ 'ਤੇ ਗੋਲੀ ਨਹੀਂ ਚਲਾਈ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਨੂੰ ਘੱਟ ਕਰਨ ਲਈ ਬੁੱਧਵਾਰ ਨੂੰ ਗਲਵਾਨ ਵਾਦੀ ਵਿੱਚ ਚੋਟੀ ਦੇ ਭਾਰਤੀ ਅਤੇ ਚੀਨੀ ਫੌਜੀ ਕਮਾਂਡਰਾਂ ਨੇ ਵੀ ਗੱਲਬਾਤ ਕੀਤੀ, ਪਰ ਤਿੰਨ ਘੰਟੇ ਚੱਲੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੋਵਾਂ ਫ਼ੌਜਾਂ ਨੇ ਹਜ਼ਾਰਾਂ ਸਿਪਾਹੀਆਂ ਨੂੰ ਟਕਰਾਅ ਵਾਲੀ ਜਗ੍ਹਾ 'ਤੇ ਤੈਨਾਤ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਚੀਨੀ ਸੈਨਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਵਾਪਸ ਪਰਤਣਾ ਪਏਗਾ।
1975 ਤੋਂ ਬਾਅਦ ਪਹਿਲੀ ਵਾਰ ਸ਼ਹੀਦ ਹੋਏ ਜਵਾਨ
ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਨਾਲ ਝੜਪ ਦੌਰਾਨ 1975 ਤੋਂ ਬਾਅਦ ਪਹਿਲੀ ਵਾਰ ਭਾਰਤੀ ਜਵਾਨ ਸ਼ਹੀਦ ਹੋਏ ਹਨ। ਉਸ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸੈਨਿਕਾਂ ਦੁਆਰਾ ਇੱਕ ਭਾਰਤੀ ਗਸ਼ਤ 'ਤੇ ਹਮਲਾ ਕੀਤਾ ਗਿਆ ਸੀ। ਉਸ ਸਮੇਂ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋਏ ਸਨ। ਦੱਸ ਦਈਏ ਕਿ ਸੋਮਵਾਰ ਦੀ ਰਾਤ ਨੂੰ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਫੌਜ ਵਿਚਕਾਰ ਹੋਈ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ।