ਦੇਹਰਾਦੂਨ: ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਕਾਰਨ ਇਸ ਸਾਲ ਆਈਐੱਮਏ ਯਾਨੀ ਭਾਰਤੀ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਦਾ ਅੰਦਾਜ ਵੀ ਬਿਲਕੁਲ ਬਦਲ ਗਿਆ। ਅਜਿਹਾ ਪਹਿਲੀ ਬਾਰ ਹੋਇਆ ਕਿ ਕੈਡਿਟਸ ਨੇ ਪਾਸਿੰਗ ਆਊਟ ਪਰੇਡ ਚੇਹਰੇ 'ਤੇ ਮਾਸਕ ਬੰਨ੍ਹ ਕੇ ਕੀਤੀ ਹੋਵੇ। ਇਸ ਦੌਰਾਨ ਸਮਾਜ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ। ਕੋਰੋਨਾ ਮਹਾਂਮਾਰੀ ਕਾਰਨ ਕੈਡਿਟਸ ਦੇ ਪਰਿਵਾਰ ਵਾਲੇ ਵੀ ਇਸ ਪਰੇਡ 'ਚ ਸ਼ਾਮਿਲ ਨਹੀਂ ਹੋ ਸਕੇ।
ਦੇਹਰਾਦੂਨ ਵਿੱਚ ਆਯੋਜਿਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਅੱਜ 333 ਕੈਡਿਟ ਭਾਰਤੀ ਸੈਨਾ ਵਿੱਚ ਸ਼ਾਮਲ ਹੋਏ। ਪਰੇਡ ਵਿੱਚ 9 ਦੋਸਤਾਨਾ ਦੇਸ਼ਾਂ ਦੇ 90 ਜੈਂਟਲਮੈਨ ਕੈਡਿਟਸ ਸਮੇਤ ਦੇਸ਼ ਭਰ ਤੋਂ ਕੁੱਲ 423 ਜੈਂਟਲਮੈਨ ਕੈਡਿਟਸ ਨੇ ਹਿੱਸਾ ਲਿਆ। ਫੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਪਰੇਡ ਦੀ ਨਰੀਖਣ ਕੀਤਾ। ਨਾਲ ਹੀ ਕੈਡਿਟਸ ਨੂੰ ਭਾਰਤੀ ਫੌਜ ਦੀ ਸਹੁੰ ਚੁਕਾਈ।
ਇਸ ਵਾਰ ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੇ 66 ਉਮੀਦਵਾਰ ਹਨ। ਇਸ ਵਾਰ ਪੰਜਾਬ ਤੋਂ 25 ਉਮੀਦਵਾਰ ਸੈਨਾ ਵਿੱਚ ਅਧਿਕਾਰੀ ਬਣ ਰਹੇ ਹਨ। ਹਰਿਆਣਾ 39 ਉਮੀਦਵਾਰਾਂ ਨਾਲ ਦੂਜੇ ਨੰਬਰ 'ਤੇ ਹੈ।
ਦਈਏ ਕਿ ਆਖ਼ਰੀ ਪੜਾਅ ਦੇ ਨਾਲ ਪਾਸਆਊਟ ਅਧਿਕਾਰੀ ਆਪਣੀ ਰੈਜੀਮੈਂਟ ਵਿੱਚ ਤਾਇਨਾਤ ਹੋਣਗੇ। ਅੱਜ ਹੋਣ ਵਾਲੀ ਪਾਸਿੰਗ ਆਊਟ ਪਰੇਡ ਦੌਰਾਨ ਦੇਖਣ ਵਾਲੀ ਗੈਲਰੀ ਪੂਰੀ ਤਰ੍ਹਾਂ ਖਾਲੀ ਰਹੀ। ਇਸ ਦੌਰਾਨ ਦਰਸ਼ਕਾਂ ਨੇ ਲਾਈਵ ਸਟ੍ਰੀਮਿੰਗ ਰਾਹੀਂ ਘਰ ਬੈਠ ਕੇ ਪਰੇਡ ਵੇਖੀ।