ਨਵੀਂ ਦਿੱਲੀ: ਅਮਰੀਕੀ ਏਰੋਸਪੇਸ ਕੰਪਨੀ ਬੋਇੰਗ ਨੇ ਸਨਿੱਚਰਵਾਰ ਨੂੰ ਭਾਰਤੀ ਹਵਾਈ ਫ਼ੌਜ ਨੂੰ 4 ਅਪਾਚੇ ਲੜਾਕੂ ਜਹਾਜ਼ ਸੌਂਪ ਦਿੱਤੇ ਹਨ। ਇਹ ਜਹਾਜ਼ਾਂ ਦੀ ਪਹਿਲੀ ਖੇਪ ਹੈ ਅਤੇ ਚਾਰ ਹੋਰ ਜਹਾਜ਼ਾਂ ਦੀ ਦੂਜੀ ਖੇਪ ਅਗਲੇ ਹਫ਼ਤੇ ਆਵੇਗੀ।
ਪਹਿਲੀ ਖੇਪ ਦੇ ਤਹਿਤ ਬੋਇੰਗ ਏਐੱਚ-64 ਈ ਅਪਾਚੇ ਗਾਜ਼ੀਆਬਾਦ ਵਿੱਚ ਸਥਿਤ ਹਿੰਡਨ ਏਅਰਬੇਸ ਪਹੁੰਚ ਗਿਆ ਹੈ। ਇਸ ਨੂੰ ਇੱਥੋਂ ਪੰਜਾਬ ਦੇ ਪਠਾਨਕੋਟ ਏਅਰਬੇਸ ਭੇਜਿਆ ਜਾਵੇਗਾ। ਇਹ ਹਵਾਈ ਫ਼ੌਜ ਦੇ ਐੱਮਆਈ-35 ਜਹਾਜ਼ਾਂ ਦੀ ਥਾਂ ਲਵੇਗਾ।
ਇਨ੍ਹਾਂ ਜਹਾਜ਼ਾਂ ਲਈ ਕਰੋੜਾਂ ਡਾਲਰ ਦਾ ਸੌਦਾ ਤੈਅ ਹੋਇਆ ਸੀ ਅਤੇ ਸੌਦਾ ਹੋਣ ਦੇ ਚਾਰ ਸਾਲਾਂ ਬਾਅਦ ਇਹ ਜਹਾਜ਼ ਭਾਰਤ ਭੇਜੇ ਗਏ ਹਨ। ਬੋਇੰਗ ਦਾ ਕਹਿਣਾ ਹੈ ਕਿ ਅਪਾਚੇ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ ਅਤੇ ਡਾਰ ਜਹਾਜ਼ਾਂ ਦੀ ਦੂਜੀ ਖੇਪ ਅਗਲੇ ਹਫ਼ਤੇ ਭੇਜ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਇਹ ਅੱਠ ਹੈਲੀਕਾਪਟਰ ਪਠਾਨਕੋਟ ਹਵਾਈ ਫ਼ੌਜ ਸਟੇਸ਼ਨ ਜਾਣਗੇ ਜਿਨ੍ਹਾਂ ਨੂੰ ਸਤੰਬਰ ਵਿਚ ਹਵਾਈ ਫ਼ੌਜ 'ਚ ਰਸਮੀ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ।
ਦੱਸਣਦਯੋਗ ਹੈ ਕਿ ਇਸੇ ਸਾਲ ਮਈ ਵਿੱਚ ਅਮਰੀਕੀ ਕੰਪਨੀ ਨੇ ਭਾਰਤੀ ਫ਼ੌਜ ਨੂੰ ਪਹਿਲਾ ਅਪਾਚੇ ਜਹਾਜ਼ ਐਰੀਜੋਨਾ ਦੀ ਪ੍ਰੋਡਕਸ਼ਨ ਫ਼ਸਿਲਿਟੀ 'ਚ ਸੌਂਪਿਆ ਸੀ। ਭਾਰਤ ਨੂੰ ਅਮਰੀਕੀ ਕੰਪਨੀ ਬੋਇੰਗ ਤੋਂ ਕੁੱਲ 22 ਅਪਾਚੇ ਜਹਾਜ਼ ਮਿਲਣ ਵਾਲੇ ਹਨ ਜਿਨ੍ਹਾਂ ਤੋਂ 4 ਅੱਜ ਪਹੁੰਚ ਗਏ ਹਨ।