ਨਵੀਂ ਦਿੱਲੀ: ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਇਹ ਗੱਲ ਨਿਊਜ਼ ਏਜੰਸੀ ਏਐਨਆਈ ਨੂੰ ਕਹੀ ਹੈ। ਮੰਗਲਵਾਰ ਨੂੰ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਸਮੇਂ ਤੋਂ ਰਾਜਸਥਾਨ ਵਿਚ ਰਾਜਨੀਤਿਕ ਅਨਿਸ਼ਚਿਤਤਾ ਦੇ ਬੱਦਲ ਛਾਏ ਹੋਏ ਹਨ।
ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਸਚਿਨ ਪਾਇਲਟ ਨੇ ਕਿਹਾ ਕਿ ਉਸ ਨੇ ਕੋਈ ਵੱਡੀ ਮੰਗ ਨਹੀਂ ਰੱਖੀ ਸੀ। ਪਾਇਲਟ ਨੇ ਕਿਹਾ, "ਮੈਂ ਨਾਰਾਜ਼ ਨਹੀਂ ਹਾਂ। ਮੈਂ ਕੋਈ ਵਿਸ਼ੇਸ਼ ਸ਼ਕਤੀ ਜਾਂ ਅਧਿਕਾਰ ਨੂੰ ਪ੍ਰਾਪਤ ਕਰਨ ਦੀ ਮੰਗ ਨਹੀਂ ਕਰ ਰਿਹਾ। ਮੈਂ ਸਿਰਫ ਇਹੀ ਚਾਹੁੰਦਾ ਸੀ ਕਿ ਰਾਜਸਥਾਨ ਵਿਚ ਕਾਂਗਰਸ ਸਰਕਾਰ ਨੇ ਚੋਣਾਂ ਵਿਚ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ। ਅਸੀਂ ਵਸੁੰਧਰਾ ਰਾਜੇ ਸਰਕਾਰ ਦੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਚਲਾਈ, ਤਾਂ ਜੋ ਤਤਕਾਲੀਨ ਭਾਜਪਾ ਸਰਕਾਰ ਨੂੰ ਇਨ੍ਹਾਂ ਅਲਾਟਮੈਂਟਾਂ ਨੂੰ ਰੱਦ ਕਰਨ ਲਈ ਮਜ਼ਬੂਰ ਹੋਣਾ ਪਵੇ ਪਰ ਸੱਤਾ ਵਿਚ ਆਉਣ ਤੋਂ ਬਾਅਦ ਗਹਿਲੋਤ ਜੀ ਨੇ ਕੁਝ ਨਹੀਂ ਕੀਤਾ ਬਲਕਿ ਉਸੇ ਰਸਤੇ ਉੱਤੇ ਤੁਰ ਪਏ।"
ਰਾਜਸਥਾਨ ਵਿਚ ਹੋਏ ਰਾਜਨੀਤਿਕ ਡਰਾਮੇ ਵਿਚ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਗਲਵਾਰ ਸ਼ਾਮ ਸਾਢੇ 7 ਵਜੇ ਰਾਜ ਮੰਤਰੀ ਮੰਡਲ ਦੀ ਬੈਠਕ ਬੁਲਾਈ।
ਬੈਠਕ ਤੋਂ ਬਾਅਦ ਸਾਰੇ ਮੰਤਰੀ ਬੱਸਾਂ ਵਿੱਚ ਬੈਠ ਕੇ ਹੋਟਲ ਲਈ ਰਵਾਨਾ ਹੋ ਗਏ। ਨਵੇਂ ਨਿਯੁਕਤ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਸਾਰਾ ਬੱਸ ਵਿਚ ਅਗਲੀ ਸੀਟ ਉੱਤੇ ਬੈਠੇ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਵਿਕਟਰੀ ਦਾ ਚਿੰਨ੍ਹ ਵੀ ਦਿਖਾਇਆ। ਸੀਐਮ ਗਹਿਲੋਤ ਬੱਸ ਵਿੱਚ ਦਿਖਾਈ ਨਹੀਂ ਦਿੱਤੇ।
ਗਹਿਲੋਤ ਧੜੇ ਦੇ ਦਾਅਵੇ ਅਨੁਸਾਰ ਮੀਟਿੰਗ ਵਿੱਚ ਸਾਰੇ ਮੰਤਰੀ ਮੌਜੂਦ ਸਨ। ਜਿਉਂ ਹੀ ਇਹ ਮੀਟਿੰਗ ਸ਼ੁਰੂ ਹੋਈ, ਗੋਵਿੰਦ ਸਿੰਘ ਡੋਟਸਰਾ ਨੂੰ ਪਹਿਲਾਂ ਵਧਾਈ ਦਿੱਤੀ ਗਈ। ਮੰਤਰੀ ਮੰਡਲ ਦੀ ਅਗਾਮੀ ਮੰਤਰੀ ਮੰਡਲ ਦੀ ਇੱਕ ਬੈਠਕ ਹੋਈ, ਜਿਸ ਵਿੱਚ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਇਲਾਵਾ ਸਰਕਾਰ ਦੇ ਭਵਿੱਖ ਦੇ ਰੋਡ-ਮੈਪ ਉੱਤੇ ਚਰਚਾ ਕੀਤੀ ਗਈ। ਸੀਐਮ ਨਿਵਾਸ ਵਿਖੇ ਹੋਈ ਇਸ ਬੈਠਕ ਵਿੱਚ ਮੰਤਰੀ ਮੰਡਲ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪਰ ਮੀਟਿੰਗ ਵਿੱਚ ਕੀ ਫੈਸਲਾ ਲਿਆ ਗਿਆ ਹੈ, ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।