ਚਿਰਾਂਗ: ਬੋਡੋਲੈਂਡ ਟੈਰੀਟੋਰੀਅਲ ਕੌਂਸਲ (ਬੀਟੀਸੀ) ਦੀਆਂ ਪ੍ਰਸਤਾਵਿਤ ਚੋਣਾਂ ਤੋਂ ਪਹਿਲਾਂ, ਭਾਰਤੀ ਸੈਨਾ ਅਤੇ ਅਸਾਮ ਪੁਲਿਸ ਦੀ ਸਾਂਝੀ ਟੀਮ ਨੇ ਸੋਮਵਾਰ ਨੂੰ ਚਿਰਾਂਗ ਜ਼ਿਲ੍ਹੇ ਵਿੱਚ ਭਾਰਤ-ਭੂਟਾਨ ਸਰਹੱਦ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਚਿਰਾਂਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੁਧਾਕਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਇਤਲਾਹ ਮਿਲੀ ਸੀ।
ਭਾਰਤੀ ਸੈਨਾ ਅਤੇ ਅਸਮ ਪੁਲਿਸ ਵੱਲੋਂ 7 ਪਿਸਤੌਲਾਂ, 3 ਰਿਵੌਲਵਰ, 192 ਗ੍ਰੇਨੇਡ, ਏਕੇ ਸੀਰੀਜ਼ ਦੀ ਰਾਈਫਲ ਦੇ 200 ਰਾਊਂਡ ਗੋਲੀਆਂ, 85 ਐਸਐਲਆਰ ਮੈਗਜ਼ੀਨ,14 ਆਰਪੀਜੀ ਤੇ ਕਈ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਦੱਸ ਦੇਈਏ ਕਿ ਇਤਲਾਹ ਮਿਲਣ ਤੋਂ ਬਾਅਦ, ਸੰਯੁਕਤ ਟੀਮ ਪਿਛਲੇ 12 ਦਿਨਾਂ ਤੋਂ ਭਾਰਤ-ਭੂਟਾਨ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ 'ਚ ਤਲਾਸ਼ੀ ਅਭਿਆਨ ਚਲਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਹਥਿਆਰ ਅਤੇ ਗੋਲਾ ਬਾਰੂਦ ਧਰਤੀ ਹੇਠਾਂ ਦੱਬੇ ਹੋਏ ਸਨ ਤੇ ਫ਼ੌਜ ਨੇ ਸਰਚ ਲਈ ਮੈਟਲ ਡਿਟੈਕਟਰ ਦੀ ਵਰਤੋਂ ਕੀਤੀ ਹੈ।