ਜੰਮੂ: ਮੰਗਲਵਾਰ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਓਵਰ ਗਰਾਊਂਡ ਵਰਕਰ ਨੂੰ ਜੰਮੂ-ਕਸ਼ਮੀਰ ਦੇ ਦੋਦਾ ਜ਼ਿਲ੍ਹੇ 'ਚ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ।
ਟਾਂਟਾ ਪਿੰਡ ਵਿੱਚ ਇੱਕ ਸ਼ੱਕੀ ਅੱਤਵਾਦੀ ਬਾਰੇ ਮਿਲੀ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੰਗਲਵਾਰ ਨੂੰ ਫ਼ੌਜ ਦੇ ਨਾਲ ਮਿਲ ਕੇ ਇਸ ਖੇਤਰ ਵਿੱਚ ਇੱਕ ਸਾਂਝੀ ਮੁਹਿੰਮ ਚਲਾਈ।
ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਇੱਕ ਵਿਅਕਤੀ ਨੇ ਘੇਰਾਬੰਦੀ 'ਚੋਂ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਉਸ ਦੀ ਪਛਾਣ ਤਨਵੀਰ ਮਲਿਕ ਵਜੋਂ ਹੋਈ, ਜੋ ਹਿਜ਼ਬੁਲ ਮੁਜਾਹਿਦੀਨ ਦਾ ਮੈਂਬਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਕੋਲੋਂ ਇੱਕ ਚੀਨੀ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ। ਤਨਵੀਰ ਮਲਿਕ ਕਥਿਤ ਤੌਰ 'ਤੇ ਇਸ ਸਾਲ 9 ਫਰਵਰੀ ਤੋਂ ਘਰੋਂ ਲਾਪਤਾ ਸੀ ਅਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦੋਦਾ ਥਾਣੇ ਵਿੱਚ ਦਰਜ ਕਰਵਾਈ ਗਈ ਸੀ।
ਦੱਸਣਯੋਗ ਹੈ ਕਿ ਮਾਮਲੇ ਵਿੱਚ ਧਾਰਾ 7/25 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।