ਤਿਰੂਵਨੰਤਪੁਰਮ: ਅੱਤਵਾਦੀ ਸੰਗਠਨ ਦੇ 15 ਅੱਤਵਾਦੀਆਂ ਵੱਲੋਂ ਕਿਸ਼ਤੀ 'ਚ ਸਵਾਰ ਹੋ ਕੇ ਸ੍ਰੀਲੰਕਾ ਤੋਂ ਲਕਸ਼ਦੀਪ ਲਈ ਰਵਾਨਾ ਹੋਣ ਦੀ ਖ਼ੁਫੀਆ ਸੂਚਨਾ ਤੋਂ ਬਾਅਦ ਕੇਰਲ ਦੇ ਸਮੁੰਦਰੀ ਤੱਟਾਂ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੁਲਿਸ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਮਿਲਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਚੌਕਸੀ ਵਰਤੀ ਜਾ ਰਹੀ ਹੈ। ਸਮੁੰਦਰੀ ਕੰਢਿਆਂ ਉੱਤੇ ਸਥਿਤ ਪੁਲਿਸ ਚੌਕੀ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਖ਼ਾਸ ਸੂਚਨਾ ਹੈ ਜਿਸ ਦੇ ਚਲਦੇ ਇਹ ਹਾਈ ਅਲਰਟ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸ਼ੱਕੀ ਜਹਾਜ਼ ਜਾਂ ਕਿਸ਼ਤੀ ਵੇਖੇ ਜਾਣ ਉੱਤੇ ਤੁਰੰਤ ਕਾਰਵਾਈ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੁੰਦਰੀ ਤੱਟਾਂ 'ਤੇ ਤਾਇਨਾਤ ਪੁਲਿਸ 23 ਮਈ ਤੋਂ ਹੀ ਅਲਰਟ ਉੱਤੇ ਹੈ ਕਿਉਂਕਿ ਇਸ ਦਿਨ ਹੀ ਉਨ੍ਹਾਂ ਨੂੰ ਸ੍ਰੀਲੰਕਾ ਤੋਂ ਅੱਤਵਾਦੀਆਂ ਦੇ ਲਕਸ਼ਦੀਪ ਲਈ ਰਵਾਨਗੀ ਦੀ ਸੂਚਨਾ ਮਿਲੀ ਸੀ।
ਇਸ ਤੋਂ ਇਲਾਵਾ ਸ੍ਰੀਲੰਕਾ ਵਿਖੇ ਈਸਟਰ ਮੌਕੇ ਹੋਏ ਲੜ੍ਹੀਵਾਰ ਬੰਬ ਧਮਾਕਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਸਮੁੰਦਰੀ ਕੱਢੀਆਂ 'ਤੇ ਜਾਣ ਵਾਲੇ ਮਛੇਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਨਆਈਏ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ੍ਰੀਲੰਕਾ ਤੋਂ ਬਾਅਦ ਹੁਣ ਅੱਤਵਾਦੀ ਕੇਰਲ ਵਿੱਚ ਹਮਲਾ ਕੀਤੇ ਜਾਣ ਦੀ ਸਾਜ਼ਿਸ਼ ਰੱਚ ਰਹੇ ਹਨ।