ਨਵੀਂ ਦਿੱਲੀਂ: ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) 'ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ, ਨੋਏਡਾ ਅਤੇ ਗੁਰੂਗ੍ਰਾਮ 'ਚ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਪਾਣੀ ਭਰ ਚੁੱਕਾ ਹੈ ਕਈ ਵਾਹਨ ਅਤੇ ਪੈਦਲ ਚਲਦੇ ਲੋਕ ਦਿੱਕਤਾਂ ਦਾ ਸਾਹਮਣਾ ਕਰਦੇ ਵਿਖਾਈ ਦੇ ਰਹੇ ਹਨ। ਭਾਰੀ ਮੀਂਹ ਕਾਰਨ ਗੁਰੂਗ੍ਰਾਮ ਦੀਆਂ ਸੜਕਾਂ ਵੀ ਧਸ ਗਈਆਂ ਹਨ ਅਤੇ ਕਈ ਥਾਵਾਂ 'ਤੇ ਸੜਕਾਂ ਟੁੱਟ ਵੀ ਗਈਆਂ ਹਨ।
ਗੁਰੂਗ੍ਰਾਮ 'ਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਸੜਕਾਂ ਦੇ ਪਾਣੀ ਭਰਨ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ। ਗੁਰੂਗ੍ਰਾਮ 'ਚ ਕੁੱਝ ਹੀ ਘੰਟਿਆਂ 'ਚ 130 ਮਿਮੀ ਮੀਂਹ ਪੈ ਚੁੱਕਿਆ ਹੈ। ਦਿੱਲੀ ਐਨਸੀਆਰ 'ਚ ਦੋ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਅੱਜ ਸਵੇਰ ਤੋਂ ਹੀ ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਭਾਰੀ ਮੀਂਹ ਦਾ ਸਿਲਸਿਲਾ ਜਾਰੀ ਹੈ।
ਭਾਰੀ ਮੀਂਹ ਕਾਰਨ ਦਿੱਲੀ ਅਤੇ ਗੁਰੂਗ੍ਰਾਮ 'ਚ ਜਾਮ ਦੀ ਸਥਿਤੀ ਬਣੀ ਹੋਈ ਹੈ। ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧਦੀਆਂ ਵਿਖਾਈ ਦੇ ਰਹੀਆਂ ਹਨ। ਭਾਰੀ ਮੀਂਹ ਕਾਰਨ ਪਾਣੀ 'ਚ ਬਸਾਂ ਵੀ ਡੁੱਬੀਆਂ ਹੋਈਆਂ ਹਨ। ਮੀਂਹ ਕਾਰਨ ਮੁਲਤਾਨ ਨਗਰ 'ਚ ਇੱਕ ਘਰ ਦੇ ਢਹਿ ਜਾਣ ਨਾਲ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੋਸਮ ਵਿਭਾਗ ਨੇ ਬੁੱਧਵਾਰ ਨੂੰ ਮੀਂਹ ਸਬੰਧੀ ਦਿੱਲੀ ਐਨਸੀਆਰ ਲਈ ਓਰੇਂਜ ਅਲਰਟ ਜਾਰੀ ਕੀਤਾ ਸੀ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਮੱਧ ਭਾਰਤ ਦੇ ਹਿੱਸਿਆ 'ਚ ਅਗਲੇ ਪੰਜ ਦਿਨਾਂ ਤਕ ਭਾਰੀ ਮੀਂਹ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਸਾਕੇਤ 'ਚ ਜੇ ਬਲਾਕ 'ਚ ਇੱਕ ਸਕੂਲ ਦੀ ਕੰਧ ਡਿੱਗਣ ਨਾਲ 7 ਗੱਡੀਆਂ ਦਾ ਨੁਕਸਾਨ ਹੋਇਆ ਹੈ।
ਉੱਤਰ ਦਿੱਲੀ ਦੇ ਨਗਰ ਨਿਗਮ ਨੇ ਜਾਣਕਾਰੀ ਦਿੱਤੀ ਕਿ ਦਿੱਲੀ 'ਚ ਕਿਰਾੜੀ, ਬੁਰਾੜੀ ਅਤੇ ਰੋਹਿਣੀ ਸਣੇ 16 ਵੱਖ ਵੱਖ ਥਾਵਾਂ 'ਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਸੱਤ ਵੱਖ ਵੱਖ ਥਾਵਾਂ 'ਤੇ ਦਰੱਖਤ ਡਿੱਗਣ ਅਤੇ ਬਿਲਡਿੰਗ ਡਿੱਗਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਇਡਾ 'ਚ ਵੀ ਭਾਰੀ ਮੀਂਹ ਕਾਰਨ ਸਥਿਤੀ ਬੇਹਦ ਖ਼ਰਾਬ ਹੈ। ਨੋਇਡਾ ਦੇ 62, 63, 10, 12, 32 ਸੈਕਟਰ ਸਣੇ ਪਿੰਡਾਂ 'ਚ ਵੀ ਪਾਣੀ ਭਰਿਆ ਹੋਇਆ ਹੈ।