ਨਵੀਂ ਦਿੱਲੀ: ਸੁਪਰੀਮ ਕੋਰਟ ਮੰਗਲਵਾਰ ਨੂੰ ਨਿਰਭਯਾ ਜਬਰ ਜਨਾਹ ਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਦੇ ਦੋਸ਼ੀ ਪਾਏ ਗਏ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਨ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰੇਗਾ।
ਜਸਟਿਸ ਆਰ ਭਾਨੂਮਤੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ.ਐਸ ਬੋਪੰਨਾ ਦਾ ਬੈਂਚ ਮੰਗਲਵਾਰ ਨੂੰ ਦੁਪਹਿਰ 12.30 ਵਜੇ ਮੁਕੇਸ਼ ਕੁਮਾਰ ਸਿੰਘ ਦੀ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ।
ਨਿਰਭਯਾ ਗੈਂਗਰੇਪ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਚਾਰਾਂ ਦੋਸ਼ੀਆਂ ਵਿੱਚੋਂ ਇੱਕ ਮਕੇਸ਼ ਕੁਮਾਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਨੇ 17 ਜਨਵਰੀ ਨੂੰ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਹੀ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦੇਣ ਲਈ ਮੌਤ ਦੇ ਵਾਰੰਟ ਜਾਰੀ ਕੀਤੇ ਸੀ।
ਇਸ ਤੋਂ ਪਹਿਲਾਂ ਮੁਕੇਸ਼ ਦੀ ਪਟੀਸ਼ਨ ਦਾ ਜ਼ਿਕਰ ਸੋਮਵਾਰ ਨੂੰ ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਬੀ.ਆਰ. ਗਾਵਈ ਅਤੇ ਜਸਟਿਸ ਸੂਰੀਆ ਕਾਂਤ ਦੇ ਬੈਂਚ ਸਾਹਮਣੇ ਕੀਤਾ ਗਿਆ ਸੀ।
ਚੀਫ ਜਸਟਿਸ ਐਸ.ਏ. ਬੋਬੜੇ ਨੇ ਮੰਨਿਆ ਕਿ ਮੁਕੇਸ਼ ਦੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ 1 ਫਰਵਰੀ ਨੂੰ ਫਾਂਸੀ 'ਤੇ ਚੜ੍ਹਾਇਆ ਜਾਣਾ ਹੈ ਤਾਂ ਉਸ ਦੀ ਪਟੀਸ਼ਨ ' ਤੇ ਸੁਣਵਾਈ ਨੂੰ ਪਹਿਲ ਹੈ।
ਮੁਕੇਸ਼ ਕੁਮਾਰ ਸਿੰਘ ਦੀ ਸੁਧਾਰਕ ਪਟੀਸ਼ਨ ਅਦਾਲਤ ਵਿੱਚ ਰੱਦ ਹੋਣ ਤੋਂ ਬਾਅਦ ਉਸਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਇੱਕ ਹੋਰ ਦੋਸ਼ੀ ਅਕਸ਼ੇ ਕੁਮਾਰ ਦੀ ਸੁਧਾਰਕ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਸੀ।
ਇਹ ਵੀ ਪੜੋ: ਸ਼ਾਹੀਨ ਬਾਗ਼ ਤੋਂ ਬਾਅਦ ਨਿਜ਼ਾਮੂਦੀਨ 'ਚ ਧਰਨੇ 'ਤੇ ਬੈਠੀਆਂ ਔਰਤਾਂ
ਇਸ ਕੇਸ ਵਿੱਚ ਦੋ ਹੋਰ ਦੋਸ਼ੀ ਪਵਨ ਗੁਪਤਾ ਅਤੇ ਵਿਨੈ ਕੁਮਾਰ ਸ਼ਰਮਾ ਨੇ ਅਜੇ ਤੱਕ ਸੁਪਰੀਮ ਕੋਰਟ ਵਿੱਚ ਸੁਧਾਰਕ ਪਟੀਸ਼ਨ ਦਾਇਰ ਨਹੀਂ ਕੀਤੀ ਹੈ।