ਅੰਮ੍ਰਿਤਸਰ: ਦੇਸ਼-ਵਿਦੇਸ਼ ਵਿੱਚ ਵੱਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਰਣਜੀਤ ਐਵਨਿਊ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪਹੁੰਚੇ ਅਤੇ ਉੱਥੇ ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਦੇ ਨਾਲ ਫਿਲਮੀ ਅਦਾਕਾਰ ਅਤੇ 'ਆਪ' ਨੇਤਾ ਕਰਮਜੀਤ ਸਿੰਘ ਅਨਮੋਲ ਵੀ ਮੌਜੂਦ ਰਹੇ। ਉਹਨਾਂ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ।
ਰਾਜਨੀਤਕ ਬਿਆਨਬਾਜੀ ਨਹੀਂ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਅੰਦਰ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ, ਇਸ ਕਰਕੇ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਨਹੀਂ ਪਹੁੰਚੇ ਤਾਂ ਕਿ ਸੰਗਤਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ। ਜਿਸ ਦੇ ਚਲਦੇ ਉਹ ਛੇਵੇਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਮੱਥਾ ਟੇਕ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹ ਕਿਸੇ ਵੀ ਤਰੀਕੇ ਦੀ ਰਾਜਨੀਤਕ ਬਿਆਨਬਾਜੀ ਨਹੀਂ ਕਰਨਗੇ।
ਲੋਕਾਂ ਨੂੰ ਖ਼ਾਸ ਅਪੀਲ
ਇਸ ਤੋਂ ਇਲਾਵਾ ਸੀਐੱਮ ਮਾਨ ਨੇ ਕਿਹਾ ਕਿ ਸਦੀਆਂ ਪਹਿਲਾਂ ਗੁਰੂ ਸਹਿਬਾਨਾਂ ਨੇ ਹਵਾ,ਪਾਣੀ ਅਤੇ ਧਰਤੀ ਦਾ ਮਹੱਤਵ ਸਾਨੂੰ ਦੱਸਿਆ ਸੀ ਪਰ ਅੱਜ ਹਵਾ ਅਤੇ ਪਾਣੀ ਪਲੀਤ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਦੇਣ। ਸੀਐੱਮ ਮਾਨ ਮੁਤਾਬਿਕ ਲੋਕਾਂ ਦੇ ਸਾਥ ਤੋਂ ਬਗੈਰ ਸਰਕਾਰ ਕੁੱਝ ਨਹੀਂ ਕਰ ਸਕਦੀ ਇਸ ਲਈ ਹਰ ਇੱਕ ਸ਼ਖ਼ਸ ਨੂੰ ਆਪਣੇ ਪੱਧਰ ਉੱਤੇ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।