ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕੋਵਿਡ-19 ਦੇ ਦਰਮਿਆਨੀ ਤੋਂ ਗੰਭੀਰ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਪ੍ਰੋਟੋਕੋਲ ਵਿੱਚ ਸਸਤੀ ਅਤੇ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਸਟੇਰੌਇਡ ਡੇਕਸਾਮੇਥਾਸੋਨ ਨੂੰ ਸ਼ਾਮਲ ਕੀਤਾ ਹੈ।
ਮੰਤਰਾਲੇ ਨੇ ਕਿਹਾ ਹੈ ਕਿ ਨਵੇਂ ‘ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲਸ’ ਵਿੱਚ ਕੋਰੋਨਾ ਰਾਹੀਂ ਗੰਭੀਰ ਪੱਧਰ ਦੇ ਮਾਮਲੇ ਇਲਾਜ ਲਈ ਮਿਥਾਇਲਪਰੇਡਨੀਸੋਲੋਨ ਦੇ ਬਦਲ ਵਜੋਂ ਡੇਕਸਾਮੇਥਾਸੋਨ ਦੀ ਵਰਤੋਂ ਕਰਨ ਦੀ ਸਲਾਹ ਨੂੰ ਸ਼ਾਮਲ ਕੀਤਾ ਹੈ। ਇਹ ਸਟੇਰੌਇਡ ਦਾ ਇਸਤੇਮਾਲ ਪਹਿਲਾਂ ਇਸ ਦੇ ਪ੍ਰਭਾਵਾਂ ਜਿਵੇਂ ਕਿ ਸੋਜ ਘਟਾਉਣ ਅਤੇ ਇਮਊਨਿਟੀ ਘੱਟ ਕਰਨ ਵਰਗੇ ਪ੍ਰਭਾਵਾਂ ਦੇ ਕਾਰਨ ਕਈ ਸਥਿਤੀਆਂ ਵਿੱਚ ਵਰਤਿਆ ਜਾਂਦਾ ਰਿਹਾ ਹੈ।
ਇਹ ਤਬਦੀਲੀ ਤਾਜ਼ਾ ਉਪਲੱਬਧ ਸਬੂਤਾਂ 'ਤੇ ਵਿਚਾਰ ਕਰਨ ਅਤੇ ਮਾਹਰਾਂ ਨਾਲ ਸਲਾਹ ਲੈਣ ਤੋਂ ਬਾਅਦ ਕੀਤੀ ਗਈ। ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਨੇ ਸੋਧ ਹੋਏ ਪ੍ਰੋਟੋਕੋਲ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਦੀ ਉਪਲੱਬਧਤਾ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਭੇਜਿਆ ਹੈ।
13 ਜੂਨ ਨੂੰ ਸਿਹਤ ਮੰਤਰਾਲੇ ਨੇ ਐਂਟੀ-ਵਾਇਰਸ ਡਰੱਗ ਰੇਮਡੇਸਿਵਿਰ, ਇਮਊਨਿਟੀ ਵਧਾਉਣ ਲਈ ਇਸਤੇਮਾਲ ਹੋਣ ਵਾਲੀ ਦਵਾਈ ਟੋਸੀਲੀਜੁਮੈਬ ਦੇ ਇਸਤੇਮਾਲ ਤੇ ਮੱਧ-ਪੱਧਰੀ ਮਰੀਜ਼ਾਂ ਵਿੱਚ ਪਲਾਜ਼ਮਾ ਇਲਾਜ ਦੀ ਵਰਤੋਂ ਦੀ ਆਗਿਆ ਦਿੱਤੀ ਸੀ।
ਮੰਤਰਾਲੇ ਨੇ ਕੋਰੋਨਾ ਬਿਮਾਰੀ ਦੀ ਸ਼ੁਰੂਆਤ ਸਮੇਂ ਐਂਟੀ-ਮਲੇਰੀਅਲ ਡਰੱਗ ਹਾਈਡਰੋਕਸੀਕੋਲੋਰੋਕਵੀਨ (ਐਚਸੀਕਿਊ) ਦੀ ਵਰਤੋਂ ਕਰਨ ਅਤੇ ਗੰਭੀਰ ਮਾਮਲਿਆਂ ਵਿੱਚ ਇਸ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇਨ੍ਹਾਂ ਦਵਾਈਆਂ ਦੀ ਵਰਤੋਂ ਨੂੰ ‘ਰਿਸਰਚ ਮੈਥੋਡੋਲੋਜੀ’ ਅਧੀਨ ਸੋਧੇ ਹੋਏ ਇਲਾਜ ਪ੍ਰੋਟੋਕੋਲ ਵਿੱਚ ਸ਼ਾਮਲ ਕੀਤਾ ਗਿਆ ਹੈ।