ਅਲੀਗੜ੍ਹ: ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਹੱਥ ਸਾਫ਼ ਕਰਨ ਲਈ ਹੈਂਡ ਸੈਨੀਟਾਈਜ਼ਰ ਦੇ ਇਸਤੇਮਾਲ ਨੂੰ ਖ਼ਤਰਨਾਕ ਦੱਸਿਆ ਹੈ। ਇਸ ਦੇ ਚਲਦੇ ਸਿਹਤ ਵਿਭਾਗ ਸਾਰੇ ਹੀ ਸਕੂਲਾਂ ਨੂੰ ਸਰਕੁਲਰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਸਕੂਲਾਂ ਅਤੇ ਸੰਚਾਲਕਾਂ ਨੂੰ ਜਾਗਰੂਕ ਕਰਨਗੀਆਂ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਬੰਧਕ ਅਤੇ ਅਧਿਆਪਕ ਬੱਚਿਆਂ ਨੂੰ ਹੈਂਡ ਸੈਨੀਟਾਈਜ਼ਰ ਦੇ ਇਸਤੇਮਾਲ ਲਈ ਜਬਰਨ ਨਾ ਕਹਿਣ।
ਇਸ ਬਾਰੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਦਵਿੰਦਰ ਨੇ ਕਲੈਕਟਰੇਟ ਵਿੱਚ ਰੋਗ ਕੰਟਰੋਲ ਸਬੰਧੀ ਹੋਣ ਵਾਲੀ ਬੈਠਕ ਵਿੱਚ ਹੈਂਡ ਸੈਨੀਟਾਈਜ਼ਰ ਦੇ ਮੁੱਦੇ ਨੂੰ ਵਿਸ਼ੇਸ਼ ਤੌਰ 'ਤੇ ਚੁੱਕਿਆ। ਉਨ੍ਹਾਂ ਨੇ ਦੱਸਿਆ ਹੈਂਡ ਸੈਨੀਟਾਈਜ਼ਰ ਦੇ ਇਸਤੇਮਾਲ ਕਾਰਨ ਬੱਚਿਆਂ ਦੇ ਹੱਥ ਦੀ ਉਪਰਲੀ ਚਮੜੀ ਛਿਲ ਜਾਂਦੀ ਹੈ। ਇਸ ਨਾਲ ਨਵੀਂ ਚਮੜੀ ਵਿੱਚ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀ ਅਸਾਨੀ ਨਾਲ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਹੈਂਡ ਸੈਨੀਟਾਈਜ਼ਰ ਨਾ ਇਸਤੇਮਾਲ ਕਰਨ ਦੇ ਕਾਰਨ
- ਹੈਂਡ ਸੈਨੀਟਾਈਜ਼ਰ ਦੇ ਇਸਤੇਮਾਲ ਨਾਲ ਨੁਕਸਾਨਦੇਹ ਬੈਕਟੀਰੀਆ ਦੇ ਨਾਲ-ਨਾਲ ਚਮੜੀ ਦੇ ਲਈ ਲਾਭਕਾਰੀ ਬੈਕਟੀਰੀਆ ਵੀ ਖ਼ਤਮ ਹੋ ਜਾਂਦੇ ਹਨ।
- ਸਿਹਤ ਵਿਭਾਗ ਮੁਤਾਬਕ ਹੱਥ ਸਾਫ਼ ਕਰਨ ਲਈ ਸਿਰਫ਼ ਸਾਬਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਸਾਬਣ ਨਾਲ ਸਾਡੇ ਹੱਥਾਂ ਦੀ ਚਮੜੀ ਨੂੰ ਨੁਕਸਾਨ ਨਹੀਂ ਹੁੰਦਾ।
- ਸਿਹਤ ਵਿਭਾਗ ਮੁਤਾਬਕ ਹੈਂਡ ਸੈਨੀਟਾਈਜ਼ਰ 'ਚ ਇਸਤੇਮਾਲ ਕੀਤੇ ਜਾਣ ਵਾਲੇ ਸਬਸਟਾਂਸ ਅਲਕੋਹਲ ਬੇਸਡ ਹੁੰਦੇ ਹਨ।
- ਅਲਕੋਹਲ ਬੇਸਡ ਸੈਨੀਟਾਈਜ਼ਰ ਘੱਟ ਗਿਣਤੀ ਵਿੱਚ ਹੀ ਹਾਨੀਕਾਰਕ ਬੈਕਟੀਰੀਆ ਖ਼ਤਮ ਕਰਦੇ ਹਨ ਅਤੇ ਇਹ ਹੈਵੀ ਮੈਟਲਸ, ਲੈਡ ਅਤੇ ਗ੍ਰੀਸ ਮਟੀਰੀਅਲ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦੇ।
ਸਿਹਤ ਵਿਭਾਗ ਵੱਲੋਂ ਖ਼ਾਸ ਅਪੀਲ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਸਾਬਣ ਨਾਲ ਹੱਥ ਸਾਫ਼ ਕਰਨਾ ਚੰਗਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਛੋਟੇ ਬੱਚੇ ਹੈਂਡ ਸੈਨੀਟਾਈਜ਼ਰ ਨੂੰ ਇਸਤੇਮਾਲ ਤੋਂ ਬਾਅਦ ਸੁੰਘਣ ਲਗ ਜਾਂਦੇ ਹਨ ਜੋ ਕਿ ਉਨ੍ਹਾਂ ਦੀ ਸਿਹਤ ਅਤੇ ਦਿਮਾਗੀ ਵਿਕਾਸ ਲਈ ਹਾਨੀਕਰਾਕ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਹ ਸ਼ਹਿਰ ਦੇ ਸਕੂਲਾਂ ਵਿੱਚ ਸਰਕੂਲਰ ਭੇਜਣਗੇ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਲੋਕਾਂ ਨੂੰ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ।