ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਬੱਸ ਸਟੈਂਡ ਉੱਤੇ ਗ੍ਰੇਨੇਡ ਸੁੱਟੇ ਜਾਣ ਦੀ ਖ਼ਬਰ ਹੈ। ਹਮਲੇ ਵਿੱਚ ਅੱਤਵਾਦੀਆਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਜਾਣਕਾਰੀ ਮੁਤਾਬਕ ਹਮਲਾ ਭੀੜ ਵਾਲੀ ਥਾਂ ਹੋਇਆ ਹੈ। ਇਸ ਹਮਲੇ ਵਿੱਚ 9 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਪੁਲਿਸ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 144ਵੀਂ ਬਟਾਲੀਅਨ ਦੀ ਇੱਕ ਟੀਮ ਇੱਕ ਨਗਰ ਦੇ ਵਿਅਸਤ ਕਾਕਾਸਰਾਏ ਇਲਾਕੇ ਵਿੱਚ ਚੈੱਕ ਪੋਸਟ ਉੱਤੇ ਤਾਇਨਾਤ ਸੀ।
ਅੱਤਵਾਦੀਆਂ ਵੱਲੋਂ ਕੀਤੇ ਗ੍ਰੇਨੇਡ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੇ ਜਵਾਬ ਵਿੱਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ।
ਅੱਤਵਾਦੀ ਹਮਲੇ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਕਰਕੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।