ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡੱਟੇ ਹੋਏ ਹਨ। ਅੱਜ ਸਰਕਾਰ ਤੇ ਕਿਸਾਨਾਂ ਵਿਚਾਲੇ 11ਵੇਂ ਗੇੜ ਦੀ ਬੈਠਕ ਸੀ ਜੋ ਪਹਿਲਾਂ ਦੀ ਮੀਟਿੰਗਾਂ ਦੀ ਤਰ੍ਹਾਂ ਇਸ ਵਾਰ ਵੀ ਬੇਸਿੱਟਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਸਰਕਾਰ ਨੇ ਅਗਲੀ ਬੈਠਕ ਦੀ ਤਾਰੀਖ਼ ਵੀ ਨਹੀਂ ਦਿੱਤੀ।
ਸਰਕਾਰ ਦਾ ਅੱਜ ਤਾਨਾਸ਼ਾਹ ਰੱਵਈਆ ਆਇਆ ਸਾਹਮਣੇ: ਹਰਮੀਤ ਸਿੰਘ ਕਾਦੀਆਂ
- ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਰਕਾਰ ਦਾ ਅੱਜ ਤਾਨਾਸ਼ਾਹ ਤੇ ਅੜੀਅਲ ਰੱਵਈਆ ਸਾਹਮਣੇ ਆਇਆ ਹੈ।
- ਉਨ੍ਹਾਂ ਨੇ ਦੱਸਿਆ ਕਿ 5 ਘੰਟੇ 'ਚ ਚੱਲੀ ਮੀਟਿੰਗ 'ਚ ਕੇਂਦਰੀ ਮੰਤਰੀ ਸਿਰਫ਼ 20-25 ਮਿੰਟ ਮੌਜੂਦ ਸੀ। ਉਨ੍ਹਾਂ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਕਿ ਬੀਤੇ ਦਿਨ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾਉਣ ਦੀ ਖ਼ਬਰ ਮੀਡਿਆ 'ਚ ਕਿਉਂ ਦਿੱਤੀ ਗਈ।
- ਉਨ੍ਹਾਂ ਨੇ ਕਿਹਾ ਕਿ ਮੀਟਿੰਗ 'ਚ ਐੱਮਐੱਸਪੀ 'ਤੇ ਚਰਚਾ ਨਹੀਂ ਹੋਈ। ਸਰਕਾਰ ਨੇ ਐੱਮਐੱਸਪੀ 'ਤੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਪਰ ਜਦੋਂ ਕਾਨੂੰਨ ਬਣਾਉਣ ਦੀ ਗੱਲ ਆਈ ਤਾਂ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਨੇ ਕਿਹਾ ਕਿ ਇਹ ਆਖਿਰੀ ਪ੍ਰਸਤਾਵ ਹੈ ਪਰ ਕਿਸਾਨ ਆਗੂਆਂ ਨੂੰ ਇਹ ਮੰਜ਼ੂਰ ਨਹੀਂ ਹੈ।
- ਉਨ੍ਹਾਂ ਨੇ ਕਿਹਾ ਕਿ ਭਲਕੇ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ ਤੇ 26 ਜਨਵਰੀ ਦਾ ਪ੍ਰੋਗਰਾਮ ਅਟਲ ਹੈ।
- ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਤਾਂ ਆ ਰਹੇ ਹਨ ਤੇ ਕੇਂਦਰ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਤੱਕ ਵੀ ਪਹੁੰਚੇਗੀ ਤੇ ਕਿਸਾਨ ਜੇਤੂ ਹੋ ਘਰਾਂ ਨੂੰ ਪਰਤਣਗੇ।
ਕਿਸਾਨਾਂ ਨੂੰ ਖਰਾਬ ਕਰ ਰਹੀ ਸਰਕਾਰ: ਹਰਿੰਦਰ ਸਿੰਘ ਲੱਖੋਵਾਲ
- ਫੇਰ ਨਹੀਂ ਬਣੀ ਮੀਟਿੰਗ 'ਚ ਗੱਲ। ਇਸ ਬਾਰੇ ਗੱਲ ਕਰਦੇ ਲੱਖੋਵਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖਰਾਬ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਦੀ ਮੀਟਿੰਗ ਤੋਂ ਵੀ ਹੇਠਾਂ ਆ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਰਕਾਰ 2 ਸਾਲਾਂ ਲਈ ਕਾਨੂੰਨ ਰੱਦ ਕਰਨ ਲਈ ਮੰਨ ਗਈ ਸੀ ਪਰ ਹੁਣ ਉਸ ਤੋਂ ਵੀ ਹੇਠਾਂ ਆ ਗਈ ਹੈ।
- ਉਨ੍ਹਾਂ ਨੇ ਕਿਹਾ ਕਿ 26 ਜਨਵਰੀ 'ਚ ਕਿਸਾਨਾਂ ਦੀ ਟਰੈਕਟਰ ਰੈਲੀ ਹੋਵੇਗੀ ਤੇ ਸ਼ਾਂਤੀਪੂਰਣ ਢੰਗ ਨਾਲ ਹੋਵੇਗੀ।
ਸਰਕਾਰ ਵਾਅਦੇ ਤੋਂ ਭੱਜੀ: ਰੁਲਦੂ ਸਿੰਘ
ਬੇਸਿੱਟਾ ਮੀਟਿੰਗ ਬਾਰੇ ਗੱਲ ਕਰਦੇ ਹੋਏ ਰੁਲਦੂ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਮੰਗ ਨੂੰ ਨਹੀਂ ਮੰਨ ਰਹੀ ਹੈ ਤੇ ਉਨ੍ਹਾਂ ਨੇ ਅੰਦੋਲਨ ਲੰਬਾ ਚੱਲਣ ਦਾ ਖਦਸ਼ਾ ਜਾਹਿਰ ਕੀਤਾ ਹੈ।