ਬਿਹਾਰ ਵਿੱਚ ਸਿਵਾਨ ਦੀ ਧਰਤੀ ਨੇ ਡਾ. ਰਾਜੇਂਦਰ ਪ੍ਰਸਾਦ ਅਤੇ ਮੌਲਾਨਾ ਹੱਕ ਵਰਗੇ ਪ੍ਰਸਿੱਧ ਆਗੂਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੀ ਮੌਜੂਦਗੀ ਹੀ ਮਹਾਤਮਾ ਗਾਂਧੀ ਵੱਲੋਂ ਕਈ ਵਾਰ ਸੂਬੇ ਦਾ ਦੌਰਾ ਕਰਨ ਦਾ ਕਾਰਨ ਸੀ। ਸੂਬੇ ਵਿੱਚ ਆਜ਼ਾਦੀ ਸੰਗਰਾਮ ਦੀ ਸ਼ੁਰੂਆਤ ਕਰਨ ਲਈ 1927 ਦੇ ਬਿਹਾਰ ਦੌਰੇ ਦੌਰਾਨ ਉਹ ਸਿਵਾਨ ਵੀ ਗਏ ਸਨ।
18 ਜਨਵਰੀ, 1927 ਨੂੰ ਗਾਂਧੀ ਨੇ ਸੀਵਾਨ ਦੇ ਮਿਰਵਾ 'ਚ ਲਗਭਗ 30 ਹਜ਼ਾਰ ਲੋਕਾਂ ਨਾਲ ਜਨਤਕ ਇਕੱਠ ਕੀਤਾ। ਉਸ ਸਮੇਂ, ਰਾਜ ਵਿੱਚ ਆਜ਼ਾਦੀ ਸੰਗਰਾਮ ਪਹਿਲਾਂ ਹੀ ਆਪਣੇ ਸਿਖ਼ਰ 'ਤੇ ਸੀ। ਗਾਂਧੀ ਦੇ ਸੱਦੇ 'ਤੇ ਹਰ ਉਮਰ ਦੇ ਲੋਕ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਗਏ ਸਨ। ਉਹ ਗਾਂਧੀ ਦੇ ਨਾਲ ਸਿਵਲ ਅਵੱਗਿਆ ਲਹਿਰ ਅਤੇ ਅਸਹਿਯੋਗ ਲਹਿਰ ਵਿੱਚ ਸ਼ਾਮਲ ਹੋਏ ਸਨ।
ਸੰਘਰਸ਼ ਦੀ ਹਫ਼ੜਾ ਦਫ਼ੜੀ ਦੌਰਾਨ ਨੌਜਵਾਨਾਂ ਦੇ ਇੱਕ ਸਮੂਹ ਨੇ ਮਿਰਵਾ ਥਾਣੇ, ਡਾਕਘਰ ਅਤੇ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ। ਨੌਜਵਾਨਾਂ ਵੱਲੋਂ ਕੀਤਾ ਇਹ ਹਮਲਾ ਯੋਜਨਾਬੱਧ ਸੀ ਅਤੇ ਪ੍ਰਭਾਵਸ਼ਾਲੀ ਵੀ ਰਿਹਾ। 1942 ਤੱਕ ਪ੍ਰਸ਼ਾਸਨ ਨੇ ਲੋਕਾਂ ਦੇ ਇਨ੍ਹਾਂ ਹਿੰਸਕ ਸਮੂਹਾਂ ਖ਼ਿਲਾਫ਼ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਇੱਕ ਘਟਨਾ ਵਿੱਚ ਰਮਦੇਨੀ ਕੁਰਨੀ ਨਾਂਅ ਦੇ ਇੱਕ ਵਿਅਕਤੀ ਨੂੰ ਸੀਨੇ 'ਤੇ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਲੰਗਡਪੁਰਾ ਵਿੱਚ ਇੱਕ ਪੁਲਿਸ ਇੰਸਪੈਕਟਰ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸੇ ਦਿਨ ਉਸ ਦੀ ਮੌਤ ਹੋ ਗਈ ਸੀ।
ਮਹਾਤਮਾ ਗਾਂਧੀ ਡਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਦੌਰਾਨ ਮੇਰਵਾ ਨੌਤਨ ਚੌਰਾਹੇ 'ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਸਨ। ਇਸ ਦੌਰਾਨ ਉਨ੍ਹਾਂ ਨਸ਼ਾ ਖ਼ਤਮ ਕਰਨ ਲਈ ਸਭ ਤੋਂ ਮਦਦ ਮੰਗੀ ਤਾਂ ਜਨਤਾ ਨੇ ਤੰਬਾਕੂ ਦੇ ਡੱਬੇ ਸੁੱਟ ਦਿੱਤੇ ਸਨ। ਇਸ ਮੌਕੇ ਉਨ੍ਹਾਂ ਦੀ ਪਤਨੀ ਕਸਤੂਰਬਾ ਗਾਂਧੀ ਵੀ ਇਕੱਠ ਵਿੱਚ ਉਨ੍ਹਾਂ ਦੇ ਨਾਲ ਗਏ ਸਨ।
ਸਿਵਾਨ ਦੇ ਪਲੈਟਫਾਰਮ ਦੇ ਨਾਲ-ਨਾਲ ਜਨਤਕ ਇਕੱਠ ਲਈ ਇੱਕ ਆਸ਼ਰਮ ਬਣਾਇਆ ਗਿਆ, ਜਿੱਥੋਂ ਗਾਂਧੀ ਜੀ ਨੇ ਲੂਣ ਸੱਤਿਆਗ੍ਰਹਿ ਲਹਿਰ ਦੀ ਸ਼ੁਰੂਆਤ ਕੀਤੀ ਸੀ। ਪਲੈਟਫਾਰਮ ਦੇ ਨਾਲ-ਨਾਲ ਟਾਈਲਾਂ ਦਾ ਇੱਕ ਛੋਟਾ ਕਮਰਾ ਵੀ ਉਸਾਰਿਆ ਗਿਆ। ਚੌਧਰੀ ਹਾਸ਼ਮੀ ਰਹਿਗੀਰ ਦੇ ਦਾਦਾ ਜੀ ਨੇ ਗਾਂਧੀ ਨੂੰ ਵਰਤੋਂ ਲਈ ਕਮਰਾ ਦਾਨ ਕੀਤਾ ਸੀ।
ਮਹਾਤਮਾ ਗਾਂਧੀ ਇੱਥੇ ਆਪਣੀ ਰਿਹਾਇਸ਼ ਦੌਰਾਨ ਬ੍ਰਿਟਿਸ਼ ਸ਼ਾਸਨ ਵਿਰੁੱਧ ਰਣਨੀਤੀਆਂ ਦੀ ਯੋਜਨਾ ਬਣਾਉਂਦੇ ਸਨ। ਉਸ ਥਾਂ ਨੂੰ ਉਸ ਵੇਲੇ ਗਾਂਧੀ ਆਸ਼ਰਮ ਕਿਹਾ ਜਾਂਦਾ ਸੀ। ਅੱਜ, ਇੱਕ ਮਿਡਲ ਸਕੂਲ ਉਸੇ ਥਾਂ 'ਤੇ ਖੜ੍ਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਆਸ਼ਰਮ ਕੋਲੋਂ ਵਗਦੀ ਝਰਹੀ ਨਦੀ ਵਿੱਚ ਮਹਾਤਮਾ ਗਾਂਧੀ ਦੀਆਂ ਅਸਥੀਆਂ ਦਾ ਕੁਝ ਹਿੱਸਾ ਵਿਸਰਜਿਤ ਕੀਤਾ ਗਿਆ ਸੀ।