ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਨੈਟਫਲਿਕਸ 'ਤੇ ਆਉਣ ਵਾਲੀ ਵੈਬਸੀਰੀਜ਼ ਬੈਡ ਬੁਆਏ ਬਿਲੀਅਨੇਰਜ਼ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਹੈ। ਹਾਈ ਕੋਰਟ ਇਸ ਪਟੀਸ਼ਨ 'ਤੇ 28 ਅਗਸਤ ਨੂੰ ਸੁਣਵਾਈ ਕਰੇਗਾ।
ਪ੍ਰੀਵਿਊ ਦੇਖਣਾ ਚਾਹੁੰਦੇ ਨੇ ਚੋਕਸੀ
ਅੱਜ ਸੁਣਵਾਈ ਦੌਰਾਨ ਮੇਹੁਲ ਚੋਕਸੀ ਵੱਲੋਂ ਪੇਸ਼ ਹੋਏ ਵਕੀਲ ਵਿਜੇ ਅੱਗਰਵਾਲ ਨੇ ਕਿਹਾ ਕਿ ਉਹ ਇਸ ਵੈਬ ਸੀਰੀਜ਼ 'ਤੇ ਰੋਕ ਦੀ ਮੰਗ ਨਹੀਂ ਕਰ ਰਹੇ ਸਗੋਂ ਇਸ ਦਾ ਪ੍ਰੀਵਿਊ ਦੇਖਣਾ ਚਾਹੁੰਦੇ ਹਨ। ਨੈਟਫਲਿਕਸ ਦੀ ਤਰਫੋਂ ਸੀਨੀਅਰ ਵਕੀਲ ਕਿਸ਼ਨ ਕੌਲ ਨੇ ਕਿਹਾ ਕਿ ਵੈਬ ਸੀਰੀਜ਼ ਵਿੱਚ ਇੱਕ 2 ਮਿੰਟ ਦਾ ਦ੍ਰਿਸ਼ ਹੈ ਜਿਸ ਵਿੱਚ ਚੋਕਸੀ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਓਟੀਟੀ ਪਲੈਟਫਾਰਮ ਦੇ ਕੰਟੈਂਟ ਲਈ ਕੋਈ ਰੈਗੁਲੇਸ਼ਨ ਨਹੀਂ ਹੈ।
ਪੋਸਟਰ 'ਚ ਵੀ ਚੋਕਸੀ ਨੂੰ ਦਿਖਾਇਆ ਗਿਆ
ਨੈਟਫਲਿਕਸ ਨੇ ਵੈਬਸੀਰੀਜ਼ ਬੈਡ ਬੁਆਏ ਬਿਲੀਅਨੇਰਜ਼ ਦਾ ਜੋ ਪੋਸਟਰ ਜਾਰੀ ਕੀਤਾ ਹੈ ਉਸ ਵਿੱਚ ਮੇਹੁਲ ਚੋਕਸੀ ਦੇ ਭਤੀਜੇ ਨੀਰਵ ਮੋਦੀ, ਸਹਾਰਾ ਗ੍ਰੁੱਪ ਦੇ ਮੁਖੀ ਸੁਬਰਤ ਰੌਯ, ਵਿਜੇ ਮਾਲਿਆ ਅਤੇ ਸੱਤਿਆ ਕੰਪਿਊਟਰਜ਼ ਦੇ ਰਾਮਲਿੰਗਾ ਰਾਜੂ ਨੂੰ ਵੀ ਦਿਖਾਇਆ ਗਿਆ ਹੈ। ਨੈਟਫਲਿਕਸ ਨੇ ਇਸ ਵੈਬ ਸੀਰੀਜ਼ ਬਾਰੇ ਕਿਹਾ ਹੈ ਕਿ ਇਹ ਇੱਕ ਖੋਜ 'ਤੇ ਆਧਾਰਿਤ ਸੀਰੀਜ਼ ਹੈ ਜਿਸ ਵਿੱਚ ਭਾਰਤ ਦੀਆਂ ਨਾਮੀ ਹਸਤੀਆਂ ਦੇ ਲਾਲਚ, ਘੁਟਾਲੇ ਅਤੇ ਭ੍ਰਿਸ਼ਟਾਚਾਰ ਦੀ ਖੁਲਾਸਾ ਕੀਤਾ ਗਿਆ ਹੈ। ਇਹ ਵੈਬ ਸੀਰੀਜ਼ 2 ਸਤੰਬਰ ਨੂੰ ਰਿਲੀਜ਼ ਹੋਵੇਗੀ।
ਪੀਐਨਬੀ ਨਾਲ 13500 ਕਰੋੜ ਦੀ ਠੱਗੀ ਦਾ ਦੋਸ਼
ਦੱਸ ਦੇਈਏ ਕਿ ਮੇਹੁਲ ਚੋਕਸੀ ਗੀਤਾਂਜਲੀ ਜੈਮਸ ਦੇ ਪ੍ਰੋਮੋਟਰ ਹਨ। ਮੇਹੁਲ ਚੋਕਸੀ ਅਤੇ ਨੀਰਵ ਮੋਦੀ 'ਤੇ ਪੀਐਨਬੀ ਨਾਲ 13,500 ਕਰੋੜ ਰੁਪਏ ਦੇ ਲੋਨ ਫਰੌਡ ਦਾ ਦੋਸ਼ ਹੈ। ਮੇਹੁਲ ਚੋਕਸੀ, ਨੀਰਵ ਮੋਦੀ ਅਤੇ ਉਨ੍ਹਾਂ ਦੀ ਪਤਨੀ ਅਮੀ ਭਾਰਤ ਛੱਡ ਕੇ ਭੱਜ ਗਏ ਹਨ। ਈਡੀ ਨੇ ਮੇਹੁਲ ਚੋਕਸੀ, ਅਮੀ ਮੋਦੀ ਅਤੇ ਨੀਰਵ ਮੋਦੀ ਖ਼ਿਲਾਫ਼ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।