ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਲੋਕਾਂ ਦੇ ਬੈਂਕ ਅਕਾਊਂਟ ਵਿੱਚੋਂ ਪੈਸੇ ਟਰਾਂਸਫਰ ਕਰਕੇ 2.36 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਨਜਫ਼ਗੜ੍ਹ ਸਥਿਤ ਇੱਕ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਰਾਮਪਤ ਸਿੰਘ ਅਤੇ ਟਿੰਬਰ ਦਾ ਕਾਰੋਬਾਰ ਕਰਨ ਵਾਲੇ ਉਸ ਦੇ ਸਾਥੀ ਅਮਿਤ ਜਾਂਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋ ਗਾਹਕਾਂ ਨੇ ਦਰਜ ਕਰਵਾਈ ਸੀ ਸ਼ਿਕਾਇਤ
ਆਰਥਿਕ ਅਪਰਾਧ ਵਿੰਗ ਦੇ ਜੁਆਇੰਟ ਕਮਿਸ਼ਨਰ ਓ.ਪੀ. ਅਨੁਸਾਰ ਨਜਫ਼ਗੜ੍ਹ ਸਥਿਤ ਇੱਕ ਬੈਂਕ ਦੇ ਦੋ ਗਾਹਕਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਅਕਾਊਂਟ ਵਿੱਚੋਂ ਵੱਡੀ ਮਾਤਰਾ ਵਿੱਚ ਪੈਸੇ ਕੱਢੇ ਗਏ ਹਨ। ਆਰਥਿਕ ਅਪਰਾਧ ਸ਼ਾਖਾ ਦੀ ਟੀਮ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋਵਾਂ ਦੇ ਅਕਾਊਂਟ ਵਿੱਚੋਂ ਪੈਸੇ ਕੱਢ ਕੇ ਜਾਅਲੀ ਚੈਕ ਰਾਹੀਂ ਮਨੀਸ਼ ਟ੍ਰੇਡਰ ਦੇ ਨਾਂਅ ਇੱਕ ਫਰਮ ਦੇ ਅਕਾਊਂਟ ਵਿੱਚ ਟਰਾਂਸਫਰ ਕੀਤੇ ਗਏ ਹਨ।
ਸਾਥੀ ਦੀ ਨਿਸ਼ਾਨਦੇਹੀ 'ਤੇ ਬ੍ਰਾਂਚ ਹੈਡ ਨੂੰ ਕੀਤਾ ਗਿਆ ਗ੍ਰਿਫ਼ਤਾਰ
ਏਸੀਪੀ ਅਨਿਲ ਸਮੋਤਾ ਦੀ ਦੇਖਰੇਖ ਹੇਠ ਸਬ ਇੰਸਪੈਕਟਰ ਸਤੀਸ਼ ਕੁਮਾਰ, ਨਿਖਿਲ ਸਿੰਘ, ਹੈਡ ਕਾਂਸਟੇਬਲ ਸੁਬੋਧ ਅਤੇ ਕਾਂਸਟੇਬਲ ਬੀਰ ਸਿੰਘ ਦੀ ਟੀਮ ਨੇ ਮਨੀ ਟ੍ਰੇਡਰਜ਼ ਦੇ ਅਕਾਊਂਟ ਦੀ ਜਾਣਕਾਰੀ ਇਕੱਠੀ ਕੀਤੀ। ਪਹਿਲਾਂ ਅਮਿਤ ਜਾਂਗਰਾ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਉਪਰੰਤ ਪੁਲਿਸ ਨੇ ਨਜਫ਼ਗੜ੍ਹ ਖੇਤਰੀ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਨੂੰ ਵੀ ਗ੍ਰਿਫ਼ਤਾਰ ਕੀਤਾ, ਜੋ ਇਸ ਸਮੇਂ ਬ੍ਰਾਂਚ ਵਿੱਚ ਬਤੌਰ ਹੈਡ ਆਫ਼ ਬ੍ਰਾਂਚ ਕੰਮ ਕਰ ਰਿਹਾ ਸੀ।
ਗਾਹਕਾਂ ਦੇ ਅਕਾਊਂਟ ਤੋਂ ਰੁਪਏ ਕਰਦੇ ਸਨ ਟਰਾਂਸਫ਼ਰ
ਪੁਲਿਸ ਮੁਤਾਬਕ ਦੋਵਾਂ ਤੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਅਮਿਤ ਜਾਂਗਰਾ ਨੇ ਹੀ ਮਨੀ ਟ੍ਰੇਡਰਜ਼ ਫ਼ਰਮ ਦੇ ਨਾਂਅ 'ਤੇ ਇੱਕ ਅਕਾਊਂਟ ਖੁਲ੍ਹਵਾਇਆ ਸੀ ਅਤੇ ਉਸ ਵਿੱਚ ਉਹ ਜਿਹੜੀ ਕੀਮਤ ਦਾ ਚੈਕ ਜਮ੍ਹਾਂ ਕਰਵਾਉਂਦਾ ਸੀ, ਓਨੀ ਹੀ ਕੀਮਤ ਬੈਂਕ ਦੇ ਦੂਜੇ ਗਾਹਕਾਂ ਦੇ ਅਕਾਊਂਟ ਵਿੱਚੋਂ ਟਰਾਂਸਫਰ ਕਰਕੇ ਉਸ ਅਕਾਊਂਟ ਵਿੱਚ ਪਾ ਦਿੱਤਾ ਜਾਂਦਾ ਸੀ। ਇਹ ਸਾਰਾ ਕੁੱਝ ਬ੍ਰਾਂਚ ਹੈਡ ਵੱਲੋਂ ਕੀਤਾ ਜਾਂਦਾ ਸੀ। ਫਰਮ ਦੇ ਅਕਾਊਂਟ ਵਿੱਚ ਪਾਈ ਗਈ ਕੀਮਤ ਬਾਅਦ ਵਿੱਚ ਵੱਖ-ਵੱਖ ਬੈਂਕ ਅਕਾਊਂਟ ਵਿੱਚ ਪਾ ਕੇ ਕੱਢੀ ਜਾਂਦੀ ਸੀ।
ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਵਿੱਚ ਅੱਗੇ ਕਾਰਵਾਈ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।