ਸਰਗੁਜਾ : ਅੰਬਿਕਾਪੁਰ ਨਗਰ ਨਿਗਮ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਵੱਖਰੀ ਕੋਸ਼ਿਸ਼ ਕੀਤੀ ਹੈ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਇਸ ਕੋਸ਼ਿਸ਼ ਰਾਹੀਂ ਸ਼ਹਿਰ ਦੀ ਸਫ਼ਾਈ ਵੀ ਹੋਵੇਗੀ ਅਤੇ ਗ਼ਰੀਬ ਲੋਕਾਂ ਨੂੰ ਮੁਫ਼ਤ ਖਾਣਾ ਵੀ ਮਿਲੇਗਾ।
ਜ਼ਿਕਰਯੋਗ ਹੈ ਕਿ ਇਹ ਕੋਸ਼ਿਸ਼ ਖ਼ਾਸ ਤੌਰ 'ਤੇ ਪੌਲੀਥੀਨ ਨਾਲ ਜੁੜੀ ਹੋਈ ਹੈ। ਇਸ ਦਾ ਮੁੱਖ ਮਕਸਦ ਪੌਲੀਥੀਨ ਰਾਹੀਂ ਫੈਲਣ ਵਾਲੀ ਗੰਦਗੀ ਤੋਂ ਬਚਾਅ ਕਰਨਾ ਹੈ।
ਇਸ ਗਾਰਬੇਜ ਯੋਜਨਾ ਦੇ ਤਹਿਤ ਤੁਹਾਨੂੰ ਖਾਣਾ ਅਤੇ ਨਾਸ਼ਤਾ ਖਿਲਾਇਆ ਜਾਵੇਗਾ। ਖਾਣਾ ਖਾਣ ਦੇ ਲਈ ਇਥੇ ਪੈਸਿਆਂ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਬਦਲੇ ਵਿੱਚ ਸਿਰਫ਼ ਪੌਲੀਥੀਨ ਬੈਗ ਇੱਕਠੇ ਕਰਕੇ ਕੈਫ਼ੇ ਨੂੰ ਦੇਣੇ ਪੈਣਗੇ।
ਪੌਲੀਥੀਨ ਦੇ ਬਦਲੇ ਰੋਜ਼ਾਨਾ ਮਿਲੇਗਾ ਖਾਣਾ ਅਤੇ ਨਾਸ਼ਤਾ
ਨਗਰ ਨਿਗਮ ਦੀ ਇਸ ਯੋਜਨਾ ਦੇ ਤਹਿਤ 1 ਕਿੱਲੋ ਪੌਲੀਥੀਨ ਬੈਗ ਇੱਕਠੇ ਕਰਕੇ ਦੇਣ ਵਾਲੇ ਨੂੰ ਭਰਪੇਟ ਖਾਣਾ ਅਤੇ ਅੱਧਾ ਕਿੱਲੋ ਪੌਲੀਥੀਨ ਬੈਗ ਵਾਲੇ ਭਰਪੇਟ ਨਾਸ਼ਤਾ ਦਿੱਤਾ ਜਾਵੇਗਾ।
ਸੱਵਛਤਾ ਅਤੇ ਸਨਮਾਨ ਦਾ ਰੱਖਿਆ ਧਿਆਨ
ਇਸ ਕੈਫ਼ੇ ਨੂੰ ਸ਼ਹਿਰ ਦੇ ਸੌਲੀਡ ਵੇਸਟ ਮੈਨੇਜਮੈਂਟ ਸੈਂਟਰ ਵਿੱਚ ਹੀ ਸੰਚਾਲਤ ਕੀਤਾ ਜਾਵੇਗਾ। ਨਗਰ ਨਿਗਮ ਨੇ ਇਸ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ ਅਤੇ ਜਲਦ ਹੀ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਯੋਜਨਾ ਵਿੱਚ ਸਵੱਛਤਾ ਅਤੇ ਲੋਕਾਂ ਦੇ ਸਨਮਾਨ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ।
ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਪੌਲੀਥੀਨ ਕਲੈਕਸ਼ਨ ਨਾਲ ਜਿਥੇ ਸ਼ਹਿਰ ਸਾਫ਼ ਹੋਵੇਗਾ ਉਥੇ ਹੀ ਦੂਜੇ ਪਾਸੇ ਗ਼ਰੀਬ ਅਤੇ ਭੁੱਖੇ ਲੋਕਾਂ ਨੂੰ ਭਰਪੇਟ ਖਾਣਾ ਮਿਲ ਸਕੇਗਾ। ਇਸ ਨਾਲ ਉਨ੍ਹਾਂ ਦਾ ਸਨਮਾਨ ਬਰਕਰਾਰ ਰਹੇਗਾ ਅਤੇ ਉਨ੍ਹਾਂ ਵੱਲੋਂ ਮਿਹਨਤ ਨਾਲ ਇੱਕਠੇ ਕੀਤੇ ਗਏ ਪੌਲੀਥੀਨ ਦੇ ਬਦਲੇ ਵਿੱਚ ਉਹ ਮੁਫ਼ਤ ਖਾਣਾ ਖਾ ਸਕਣਗੇ।