ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਾਂਹਾਮਾਰੀ ਖ਼ਿਲਾਫ਼ ਜੰਗ ਲੜ੍ਹ ਰਹੇ ਯੋਧਿਆਂ ਦਾ ਹੌਸਲਾ ਵਧਾਉਣ ਲਈ ਥਲ ਸੈਨਾ, ਹਵਾਈ ਫੌਜ ਅਤੇ ਜਲ ਸੈਨਾ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਐਤਵਾਰ ਨੂੰ ਕੋਵਿਡ -19 ਯੋਧਿਆਂ ਦਾ ਧੰਨਵਾਦ ਕਰਨ ਲ਼ਈ ਹਸਪਤਾਲਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਇਸੇ ਤਹਿਤ ਸ਼ਾਮ ਨੂੰ ਜਲ ਸੈਨਾ ਆਪਣੇ ਸਮੁੰਦਰੀ ਜਹਾਜ਼ਾਂ ਨੂੰ ਰੌਸ਼ਨ ਵੀ ਕਰੇਗੀ।
ਭਾਰਤੀ ਹਵਾਈ ਸੈਨਾ ਦੇ ਦੋ ਸੀ -130 ਜੇ ਸੁਪਰ ਹਰਕੂਲਸ ਸਪੈਸ਼ਲ ਆਪ੍ਰੇਸ਼ਨ ਟ੍ਰਾਂਸਪੋਰਟ ਨੇ ਸ੍ਰੀਨਗਰ ਵਿੱਚ ਡਲ ਝੀਲ ਦੇ ਉੱਪਰੋਂ ਉਡਾਣ ਭਰੀ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਹੁੰਦੇ ਹੋਏ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਲਈ ਰਵਾਨਾ ਹੋਏ।
ਡਲ ਝੀਲ ਦੇ ਉਪਰ ਏਅਰ ਫੋਰਸ ਦਾ ਫਲਾਈਪਾਸਟ
ਏਅਰਫੋਰਸ ਦੇ ਜਹਾਜ਼ ਸਵੇਰੇ ਜੰਮੂ-ਕਸ਼ਮੀਰ ਦੀ ਡਲ ਝੀਲ ਦੇ ਉੱਪਰ ਉਡਾਣ ਭਰਦੇ ਹੋਏ।
ਦਿੱਲੀ: ਪੁਲਿਸ ਵਾਰ ਮੈਮੋਰੀਅਲ ਵਿਖੇ ਫੁੱਲਾਂ ਦੀ ਵਰਖਾ
ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਨ ਅਤੇ ਪ੍ਰਸ਼ੰਸਾ ਜ਼ਾਹਰ ਕਰਨ ਲਈ ਪੁਲਿਸ ਵਾਰ ਮੈਮੋਰੀਅਲ ਵਿਖੇ ਫੁੱਲਾਂ ਦੀ ਵਰਖਾ ਕੀਤੀ।
ਚੰਡੀਗੜ੍ਹ: ਸੁਖਨਾ ਝੀਲ ਦੇ ਉੱਪਰ ਉਡਾਣ ਭਰ ਰਹੇ ਜਹਾਜ਼
ਦੋ ਏਅਰ ਫੋਰਸ ਦੇ ਸੀ -130 ਸੁਪਰ ਹਰਕੂਲਸ ਸਪੈਸ਼ਲ ਆਪ੍ਰੇਸ਼ਨ ਟ੍ਰਾਂਸਪੋਰਟ ਏਅਰਕ੍ਰਾਫਟ ਨੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਉੱਪਰੋਂ ਉਡਾਣ ਭਰੀ।
ਜਲੰਧਰ: ਫੌਜ ਨੇ ਕੋਰੋਨਾ ਯੋਧਿਆਂ ਨੂੰ ਦਿੱਤੀ ਸਲਾਮੀ
ਜਲੰਧਰ ਵਿੱਚ ਵੀ ਭਾਰਤੀ ਫੌਜ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਬਾਹਰ ਫੌਜੀ ਬੈਂਡ ਰਾਹੀਂ ਕੋਰੋਨਾ ਯੋਧਿਆਂ ਨੂੰ ਸਲਾਮੀ ਦਿੱਤੀ ਗਈ। ਫੌਜ ਨੇ ਡਾਕਟਰਾਂ, ਸਿਹਤ ਕਰਮੀਆਂ, ਪੁਲਿਸ ਅਤੇ ਸਫਾਈ ਸੇਵਕਾਂ ਨੂੰ ਬੈਂਡ 'ਤੇ ਦੇਸ਼ ਭਗਤੀ ਵਾਲੀਆਂ ਧੁੰਨਾਂ ਵਜਾ ਕੇ ਸਲਾਮੀ ਦਿੱਤੀ।
ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ “ਤਿੰਨੇ ਫੌਜੀ ਅੰਗਾਂ ਨੇ ਆਪਣੇ ਵੱਖਰੇ ਢੰਗ ਨਾਲ ਭਾਰਤ ਦੇ ਇਨ੍ਹਾਂ ਬਹਾਦਰ ਯੋਧਿਆਂ ਨੂੰ ਸਲਾਮ ਕਰਨ ਦੀ ਯੋਜਨਾ ਬਣਾਈ ਸੀ। ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਯੋਜਨਾਬੱਧ ਫਲਾਈਪਾਸਟ ਕਰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਣਥੱਕ ਅਤੇ ਨਿਰਸਵਾਰਥ ਕਾਰਜ ਕਰਨ ਵਾਲੇ ਬਹਾਦਰ ਕੋਵਿਡ ਯੋਧਿਆਂ ਨੂੰ ਸਲਾਮ ਕੀਤਾ।