ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਦਿੱਲੀ ਪੈਦਲ ਮਾਰਚ ‘ਤੇ ਆਏ ਕਿਸਾਨਾਂ ਦੀਆਂ 5 ਮੰਗਾਂ ਨੂੰ ਮੰਨ ਲਿਆ ਗਿਆ ਹੈ। ਜਿਸ ਤੋਂ ਬਾਅਦ ਭਾਰਤੀ ਕਿਸਾਨ ਸੰਗਠਨ ਦੇ ਕੌਮੀ ਪ੍ਰਧਾਨ ਪੂਰਨ ਸਿੰਘ ਨੇ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਕਿਸਾਨਾਂ ਦੀਆਂ 15 ਵਿੱਚੋਂ 5 ਮੰਗਾਂ ਮੰਨ ਲਈਆਂ ਗਈਆਂ ਹਨ। ਕਿਸਾਨਾਂ ਵੱਲੋਂ 11 ਵਿਅਕਤੀਆਂ ਦਾ ਇੱਕ ਵਫ਼ਦ ਦਿੱਲੀ ਕ੍ਰਿਸ਼ੀ ਭਵਨ ਵਿਖੇ ਗੱਲਬਾਤ ਤੋਂ ਬਾਅਦ ਪਰਤਿਆ। ਸਰਕਾਰ ਨੇ ਕਿਸਾਨ ਦੁਰਘਟਨਾ ਬੀਮਾ ਯੋਜਨਾ ਨੂੰ ਕਿਸਾਨ ਪਰਿਵਾਰਕ ਦੁਰਘਟਨਾ ਬੀਮਾ ਵਜੋਂ ਬਦਲਣ ਲਈ ਸਹਿਮਤੀ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਗੰਨੇ ਦੀ ਅਦਾਇਗੀ ਦੀ ਮੰਗ ਨੂੰ ਵੀ ਮੰਨ ਲਿਆ ਹੈ। ਸਰਕਾਰ ਵੱਲੋਂ ਬਾਕੀ ਹੋਰ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ 10 ਦਿਨਾਂ ਬਾਅਦ ਬਾਕੀ ਮੰਗਾਂ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਾਂਗੇ।
ਦੱਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸਰਹੱਦ ‘ਤੇ ਰੋਕ ਲਿਆ ਗਿਆ ਸੀ। ਸੈਂਕੜੇ ਕਿਸਾਨ ਦਿੱਲੀ ਸਰਹੱਦ 'ਤੇ ਧਰਨੇ 'ਤੇ ਬੈਠ ਗਏ ਸਨ। ਉਨ੍ਹਾਂ ਦੀਆਂ ਮੰਗਾਂ ਸਨ ਕਿ ਸਰਕਾਰ ਉਨ੍ਹਾਂ ਨਾਲ ਗੱਲ ਕਰੇ ਜਾਂ ਉਨ੍ਹਾਂ ਨੂੰ ਦਿੱਲੀ ਦੇ ਕਿਸਾਨ ਘਾਟ ਜਾਣ ਦਿੱਤਾ ਜਾਵੇ। ਇਸ ਤੋਂ ਬਾਅਦ ਕਿਸਾਨਾਂ ਦੇ 11 ਮੈਂਬਰੀ ਵਫ਼ਦ ਨੂੰ ਦਿੱਲੀ ਪੁਲਿਸ ਦੀ ਕਾਰ ਵਿੱਚ ਖੇਤੀਬਾੜੀ ਮੰਤਰਾਲੇ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ।
ਇਹ ਵੀ ਪੜੋ- ਪੰਜਾਬ ਦੀਆ 4 ਵਿਧਾਨ ਸਭਾ ਸੀਟਾਂ ਉੱਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ