ਨਵੀਂ ਦਿੱਲੀ: ਫੇਸਬੁੱਕ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰ ਨਿਸ਼ਿਸ਼ਕਾਂਤ ਦੂਬੇ ਨੇ ਰਾਹੁਲ ਗਾਂਧੀ ਅਤੇ ਕਾਂਗਰਸੀ ਨੇਤਾ ਤੇ ਆਈ ਟੀ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਸ਼ਸ਼ੀ ਸ਼ਰੂਰ ਨੇ ਨਿਸ਼ਿਸ਼ਕਾਂਤ ਦੂਬੇ ਨੂੰ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਭੇਜਿਆ ਸੀ।
ਸ਼ਸ਼ੀ ਥਰੂਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੰਦਿਆਂ ਭਾਜਪਾ ਦੇ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਕਿਹਾ ਕਿ ਥਰੂਰ ਨੇ ਸੰਸਦੀ ਪ੍ਰਕਿਰਿਆ ਦੇ ਮਾਣ, ਨੈਤਿਕਤਾ ਅਤੇ ਬੁਨਿਆਦੀ ਸਿਧਾਂਤਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਦ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਫਰਜ਼ੀ ਖ਼ਬਰਾਂ ਤੇ ਨਫ਼ਰਤ ਫੈਲਾਉਣ ਵਿੱਚ ਲੱਗੇ ਹੋਏ ਹਨ।
ਸ਼ਸ਼ੀ ਥਰੂਰ ਨੇ ਇਸ ਮਾਮਲੇ ਵਿਚ ਆਈਟੀ ਉੱਤੇ ਸੰਸਦੀ ਸਟੈਂਡਿੰਗ ਕਮੇਟੀ ਦੇ ਸਾਹਮਣੇ ਫੇਸਬੁੱਕ ਨੂੰ ਸੰਮਨ ਭੇਜਣ ਦੀ ਗੱਲ ਕਹੀ ਸੀ ਥਰੂਰ ਇਸ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਦੇ ਬਿਆਨ ਦਾ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਮਰਥਨ ਕੀਤਾ, ਉਥੇ ਹੀ ਭਾਜਪਾ ਦੇ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਥਰੂਰ ਨੂੰ ਬਿਨਾਂ ਇਜਾਜ਼ਤ ਦੇ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਦੱਸ ਦਈਏ ਕਿ ਨਿਸ਼ੀਕਾਂਤ ਦੂਬੇ ਅਤੇ ਸ਼ਸ਼ੀ ਥਰੂਰ ਵਿਚਾਲੇ ਇਹ ਵਿਵਾਦ ਇਕ ਅਮਰੀਕੀ ਅਖਬਾਰ ਵਿਚ ਪ੍ਰਕਾਸ਼ਤ ਲੇਖ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਇਆ। 14 ਅਗਸਤ ਨੂੰ ਅਮਰੀਕੀ ਅਖਬਾਰ 'ਦਿ ਵਾਲ ਸਟ੍ਰੀਟ ਜਰਨਲ' ਵਿਚ ਇਕ ਲੇਖ ਵਿਚ ਕਿਹਾ ਗਿਆ ਸੀ ਕਿ ਫੇਸਬੁੱਕ ਨੇ ਜਾਣਬੁੱਝ ਕੇ ਭਾਰਤ ਵਿਚ ਭਾਜਪਾ ਦੇ ਨੇਤਾਵਾਂ ਅਤੇ ਕਾਰਕੁਨਾਂ ਦੁਆਰਾ ਕੀਤੀਆਂ ਗਈਆਂ ਨਫ਼ਰਤ ਭਰੀਆਂ ਪੋਸਟਾਂ ਨੂੰ ਨਜ਼ਰ ਅੰਦਾਜ਼ ਕੀਤਾ। ਲੇਖ ਵਿੱਚ ਇੱਕ ਫੇਸਬੁੱਕ ਅਧਿਕਾਰੀ ਦੇ ਹਵਾਲੇ ਤੋਂ ਇਹ ਵੀ ਕਿਹਾ ਗਿਆ ਕਿ ਭਾਜਪਾ ਵਰਕਰਾਂ ਨੂੰ ਸਜ਼ਾ ਦੇਣ ਨਾਲ ਭਾਰਤ ਵਿੱਚ ਕੰਪਨੀ ਦੇ ਕਾਰੋਬਾਰ 'ਤੇ ਅਸਰ ਪਵੇਗਾ।”