ਦਿੱਲੀ: ਸ਼ਾਹੀਨ ਬਾਗ਼ ਪ੍ਰਦਰਸ਼ਨ ਦੇ ਦੌਰਾਨ ਸੁਰਖੀਆਂ ਵਿੱਚ ਆਈ ਦਾਦੀ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਛਾਈ ਹੋਈ ਹੈ। ਦਰਅਸਲ 'ਸ਼ਾਹੀਨ ਬਾਗ਼ ਦੀ ਦਾਦੀ' ਦੇ ਨਾਂਅ ਨਾਲ ਮਸ਼ਹੂਰ ਹੋਈ ਬਜ਼ੁਰਗ ਔਰਤ ਬਿਲਕੀਸ ਦਾ ਨਾਮ ਅਮਰੀਕਾ ਦੇ ਹਫ਼ਤਾਵਰੀ ਟਾਈਮ ਮੈਗਜ਼ੀਨ ਵੱਲੋਂ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਉੱਤੇ ਈਟੀਵੀ ਭਾਰਤ ਨੇ ਦਾਦੀ ਬਿਲਕਿਸ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਤੋਂ ਜਾਣਿਆ ਕਿ ਇਸ ਸੂਚੀ ਵਿੱਚ ਨਾਂਅ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਿਵੇਂ ਲੱਗ ਰਿਹਾ ਹੈ।
ਬਿਲਕਿਸ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ ਵਿੱਚ ਕਿਹਾ ਕਿ ਮੈਂ ਇਸ ਉਪਲਬਧੀ ਨਾਲ ਬਹੁਤ ਖ਼ੁਸ਼ ਹਾਂ ਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ ਹੈ। ਸੀਏਏ ਅਤੇ ਐਨਆਰਸੀ ਉੱਤੇ ਜ਼ਿਆਦਾ ਕੁਝ ਨਾ ਬੋਲਦਿਆਂ ਬਿਲਕਿਸ ਨੇ ਕਿਹਾ ਕਿ ਅਜੇ ਅਸੀਂ ਕੋਰੋਨਾ ਨਾਲ ਲੜਾਈ ਲੜਣੀ ਹੈ।
ਦੱਸ ਦਈਏ ਕਿ ਸੀਏਏ, ਐਨਆਰਸੀ ਤੇ ਐਨਪੀਆਰ ਦੇ ਵਿਰੁੱਧ ਚੱਲੇ ਸ਼ਾਹੀਨ ਬਾਗ਼ ਵਿੱਚ ਧਰਨੇ ਦੀ ਅਗਵਾਈ ਬਜ਼ੁਰਗ ਔਰਤਾਂ ਵੱਲੋਂ ਕੀਤੀ ਗਈ ਸੀ। ਉਨ੍ਹਾਂ ਬਜ਼ੁਰਗ ਦਾਦੀਆਂ ਵਿੱਚ ਹੀ ਇੱਕ 82 ਸਾਲਾਂ ਦੀ ਬਿਲਕਿਸ ਨੂੰ ਟਾਈਮ ਰਸਾਲੇ ਵੱਲੋਂ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਾਹੀਨ ਬਾਗ਼ ਦਾ ਪ੍ਰਦਰਸ਼ਨ 100 ਦਿਨਾਂ ਤੱਕ ਚੱਲਿਆ ਸੀ ਜਿਸਦੀ ਕੋਰੋਨਾ ਮਹਾਂਮਾਰੀ ਦੇ ਕਾਰਨ ਸਮਾਪਤੀ ਕਰ ਦਿੱਤੀ ਗਈ ਸੀ।