ਨਵੀਂ ਦਿੱਲੀ: ਯੂਰੋਪੀਅਨ ਯੂਨੀਅਨ ਦੀ 28 ਮੈਂਬਰੀ ਟੀਮ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਅਜਿਹੀ ਸੰਭਾਵਨਾ ਹੈ ਕਿ ਇਹ ਟੀਮ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰ ਸਕਦੀ ਹੈ।
ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਜੀਤ ਡੋਵਾਲ ਨਾਲ ਇਸ ਮੁਲਾਕਾਤ ਵਿੱਚ ਯੂਰੋਪੀਅਨ ਸੰਸਦ ਮੈਂਬਰਾਂ ਨੇ ਕਸ਼ਮੀਰ ਮੁੱਦੇ ਉੱਤੇ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਉੱਥੇ ਬਣੇ ਹਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਮੰਗਲਵਾਰ ਨੂੰ ਯੂਰੋਪੀਅਨ ਸੰਸਦ ਮੈਂਬਰਾਂ ਦਾ 28 ਮੈਂਬਰੀ ਵਫ਼ਦ ਜੰਮੂ-ਕਸ਼ਮੀਰ ਦਾ ਦੌਰਾ ਕਰਨ ਜਾ ਰਿਹਾ ਹੈ। 5 ਅਗਸਤ ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ-370 ਖ਼ਤਮ ਕੀਤੇ ਜਾਣ ਤੋਂ ਬਾਅਦ ਕਿਸੇ ਵਿਦੇਸ਼ੀ ਵਫ਼ਦ ਦਾ ਇਹ ਪਹਿਲਾ ਕਸ਼ਮੀਰ ਦੌਰਾ ਹੋਵੇਗਾ।
ਭਾਰਤ ਵੱਲੋਂ ਅਜੇ ਤੱਕ ਕਿਸੇ ਵੀ ਵਿਦੇਸ਼ੀ ਵਫ਼ਦ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਨ੍ਹਾਂ ਸੰਸਦ ਮੈਂਬਰਾਂ ਨੂੰ ਰਾਸ਼ਟਰੀ ਸਲਾਹਕਾਰ ਅਜੀਤ ਡੋਵਾਲ ਨੇ ਹੀ ਸੱਦਿਆ ਸੀ। ਇਹ ਸਾਰਾ ਦੌਰਾ ਇੱਕ ਯੂਰੋਪੀਅਨ NGO ਵੱਲੋਂ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜ਼ੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਇੰਨਾ ਹੀ ਨਹੀਂ ਉੱਥੇ ਇੰਟਰਨੈੱਟ ਸੇਵਾ ਤੱਕ ਬੰਦ ਕਰ ਦਿੱਤੀ ਗਈ ਸੀ।
ਜੰਮੂ-ਕਸ਼ਮੀਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਸਨ। ਹੁਣ ਜੰਮੂ-ਕਸ਼ਮੀਰ ਵਿੱਚ ਹਾਲਾਤ ਕੁੱਝ ਸੁਧਰ ਗਏ ਹਨ। ਫੋਨ ਅਤੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਅਤੇ ਹਾਲਾਤ ਮੁੜ ਤੋਂ ਆਮ ਵਰਗੇ ਹੋਣ ਲੱਗ ਪਏ ਹਨ।