ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਬੱਸ ਨੂੰ ਹਾਈਜੈਕ ਕਰਨ ਵਾਲੇ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਵੀਰਵਾਰ ਦੀ ਸਵੇਰ ਨੂੰ ਟਾਕਰਾ ਹੋ ਗਿਆ। ਜਾਣਕਾਰੀ ਮੁਤਾਬਕ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਉਸ ਵੇਲੇ ਟਾਕਰਾ ਹੋਇਆ ਜਦੋਂ ਪੁਲਿਸ ਫਤੇਹਾਬਾਦ ਵਿੱਚ ਫਿਰੋਜ਼ਾਬਾਦ ਰੋਡ ਉੱਤੇ ਚੈਕਿੰਗ ਕਰ ਰਹੀ ਸੀ। ਟਾਕਰੇ ਦੌਰਾਨ ਇੱਕ ਬਦਮਾਸ਼ ਦੇ ਪੈਰ ਵਿੱਚ ਗੋਲੀ ਲੱਗੀ ਜਦਕਿ ਦੂਜਾ ਬਦਮਾਸ਼ ਮੌਕੇ ਉੱਤੇ ਫਰਾਰ ਹੋ ਗਿਆ।
ਐਸਐਸਪੀ ਬਬਲੂ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਬੱਸ ਹਾਈਜੈਕ ਹੋਈ ਸੀ ਉਸ ਦੀ ਭਾਲ ਕਰਨ ਲਈ ਪੁਲਿਸ ਟੀਮ ਫਿਰੋਜ਼ਾਬਾਦ, ਇਟਾਵਾ ਆਦਿ ਇਲਾਕਿਆਂ ਦੀ ਜਾਂਚ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਪੂਰੀ ਰਾਤ ਜਾਂਚ ਕਰਨ ਬਾਅਦ ਅੱਜ ਸਵੇਰ ਕਰੀਬ 5 ਵਜੇ ਪੁਲਿਸ ਟੀਮ ਦਾ ਉਨ੍ਹਾਂ ਬਦਮਾਸ਼ਾਂ ਨਾਲ ਟਾਕਰਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਬਦਮਾਸ਼ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਘੇਰਾਬੰਦੀ ਵਿੱਚ ਆ ਰਹੇ ਸੀ ਤਾਂ ਪੁਲਿਸ ਨੇ ਉਨ੍ਹਾਂ ਉੱਤੇ ਫਾਈਰਿੰਗ ਕਰ ਦਿੱਤੀ। ਇਸ ਫਾਈਰਿੰਗ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਤੇ ਦੂਜਾ ਬਦਮਾਸ਼ ਮੌਕੇ ਉੱਤੇ ਫਰਾਰ ਹੋ ਗਿਆ।
ਪੁਲਿਸ ਨੇ ਉਨ੍ਹਾਂ ਮੁਲਜ਼ਮਾਂ ਦੀ ਸ਼ਨਾਖਤ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਜ਼ਖਮੀ ਹੋਇਆ ਹੈ ਉਸ ਦਾ ਨਾਂਅ ਪਰਦੀਪ ਗੁਪਤਾ ਹੈ ਜੋ ਕਿ ਮਾਸਟਰ ਮਾਈਡ ਹੈ ਤੇ ਜੋ ਫਰਾਰ ਹੋਇਆ ਹੈ ਉਸ ਦਾ ਨਾਂਅ ਯਤੇਂਦਰ ਯਾਦਵ ਹੈ। ਪੁਲਿਸ ਨੇ ਪ੍ਰਦੀਪ ਨੂੰ ਹਸਪਤਾਲ ਭਰਤੀ ਕਰ ਦਿੱਤਾ ਹੈ ਤੇ ਪੁਲਿਸ ਅਧਿਕਾਰੀ ਕ੍ਰਾਈਮ ਬ੍ਰਾਂਚ ਦੀ ਟੀਮ ਬਦਮਾਸ਼ਾਂ ਦੀ ਪੁਛ ਗਿਛ ਵਿੱਚ ਜੁੱਟੀ ਹੋਈ ਹੈ ਤੇ ਨਾਲ ਹੀ ਬਦਮਾਸ਼ਾਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਪੁਲਿਸ ਨੇ ਹਾਈਜੈਕ ਬੱਸ ਨੂੰ ਇਟਾਵਾ ਤੋਂ ਬਰਾਮਦ ਕਰ ਲਿਆ ਸੀ। ਇਸ ਦੇ ਨਾਲ ਹੀ ਬਦਮਾਸ਼ਾ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ। ਹਾਈਜੈਕ ਬੱਸ ਵਿੱਚ 34 ਲੋਕ ਸਵਾਰ ਸੀ।
ਇਹ ਵੀ ਪੜ੍ਹੋ:ਰਾਜੀਵ ਗਾਂਧੀ ਦੀ 76ਵੀਂ ਜਯੰਤੀ, ਜਾਣੋ ਸਾਬਕਾ ਪ੍ਰਧਾਨ ਮੰਤਰੀ ਨਾਲ ਸਬੰਧਤ ਦਿਲਚਸਪ ਗੱਲਾਂ