ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜ ਚੁਕਿਆ ਹੈ। ਭਾਜਪਾ-ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵਿਚਾਲੇ ਦੂਸ਼ਣਬਾਜ਼ੀਆਂ ਦਾ ਦੌਰ ਜਾਰੀ ਹੈ। ਇਸ ਵਿਚਾਲੇ ਭਾਰਤ-ਪਾਕਿਸਤਾਨ ਦਾ ਮੁਕਾਬਲਾ ਦੱਸਣ ਵਾਲੇ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਟਵੀਟ ਵਿਰੁੱਧ ਚੋਣ ਕਮਿਸ਼ਨ ਨੇ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਚੋਣ ਕਮਿਸ਼ਨ ਨੇ ਪੁਲਿਸ ਨੂੰ ਨਾਗਰਿਕਤਾ ਸੋਧ ਐਕਟ ਦੇ ਵਿਰੋਧੀਆਂ ਵਿਰੁੱਧ ਕੀਤੇ ਗਏ ਫਿਰਕੂ ਟਵੀਟ ਨੂੰ ਲੈ ਕੇ ਭਾਜਪਾ ਆਗੂ ਵਿਰੁੱਧ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਨੂੰ ਭਾਰਤ-ਪਾਕਿਸਤਾਨ ਮੁਕਾਬਲਾ ਦੱਸਣ ਵਾਲੇ ਕਪਿਲ ਮਿਸ਼ਰਾ ਦੇ ਟਵੀਟ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ। ਕਮਿਸ਼ਨ ਨੇ ਸਿੱਧਾ ਟਵਿੱਟਰ ਨੂੰ ਕਿਹਾ ਕਿ ਇਸ ਨੂੰ ਤੁਰੰਤ ਹਟਾਇਆ ਜਾਵੇ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਕਮਿਸ਼ਨ ਨੂੰ ਇਸ ‘ਤੇ ਕਾਰਵਾਈ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮਾਡਲ ਟਾਉਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਦਿੱਲੀ ਚੋਣਾਂ ਦੀ ਤੁਲਨਾ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਨਾਲ ਕੀਤੀ ਸੀ। ਮਿਸ਼ਰਾ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਹਿੰਦੁਸਤਾਨ ਅਤੇ ਪਾਕਿਸਤਾਨ 8 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਮੁਕਾਬਲਾ ਕਰਨਗੇ।
ਇਸ ਦੌਰਾਨ ਮਿਸ਼ਰਾ ਨੇ ਇਹ ਵੀ ਕਿਹਾ ਸੀ ਕਿ 'ਆਪ' ਅਤੇ ਕਾਂਗਰਸ ਨੇ ਸ਼ਾਹੀਨ ਬਾਗ਼ ਵਰਗੇ ਕਈ ਪਾਕਿਸਤਾਨ ਖੜੇ ਕਰ ਦਿੱਤੇ ਹਨ। 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਸ ਉੱਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਇਸ ਟਵੀਟ ਨੂੰ ਤੁਰੰਤ ਹੀ ਡਿਲੀਟ ਕਰਨ ਦੇ ਹੁਕਮ ਦਿੱਤੇ। ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹੋ ਹੀ ਗਏ ਹਨ ਕਿ ਦਿੱਲੀ ਵਿੱਚ 8 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਵੋਟਾਂ ਤੋਂ ਬਾਅਦ 11 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।