ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਅਨੁਰਾਗ ਕਸ਼ਿਅਪ, ਰਾਜ ਮੰਤਰੀ ਪ੍ਰਵੇਸ਼ ਵਰਮਾ ਦੇ ਖ਼ਿਲਾਫ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਦਾ ਨਾਂਅ ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਦੋਵੇਂ ਆਗੂ ਹੁਣ ਦਿੱਲੀ ਚੋਣਾਂ ਵਿੱਚ ਪ੍ਰਚਾਰ ਨਹੀਂ ਕਰ ਸਕਣਗੇ।
ਚੋਣ ਕਮਿਸ਼ਨ ਦੇ ਅੰਡਰ ਸੈਕਟਰੀ ਪਵਨ ਦੀਵਾਨ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਠਾਕੁਰ ਅਤੇ ਵਰਮਾ ਦੇ ਵਿਵਾਦਤ ਬਿਆਨਾਂ ਨਾਲ ਚੋਣ ਜਾਬਤੇ ਦਾ ਉਲੰਘਣ ਹੋਇਆ ਹੈ, ਇਸੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੀ ਰਿਪੋਰਟ ਦੇ ਅਧਾਰ ਉੱਤੇ ਇਹ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਠਾਕੁਰ 'ਤੇ ਵਿਧਾਨ ਸਭਾ ਹਲਕਾ ਰਠਾਲਾ ਵਿੱਚ ਬੀਤੇ ਸੋਮਵਾਰ ਨੂੰ ਇੱਕ ਰੈਲੀ ਦੌਰਾਨ ਭੀੜ ਨੂੰ ਵਿਵਾਦਤ ਨਾਅਰੇ ਲਗਵਾਉਣ ਦਾ ਅਰੋਪ ਸੀ। ਜਦੋਂ ਕਿ ਪੱਛਮੀ ਦਿੱਲੀ ਤੋਂ ਲੋਕ ਸਭਾ ਮੈਂਬਰ ਵਰਮਾ ਉੱਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਬਾਰੇ ਵਿਵਾਦਤ ਟਿੱਪਣੀ ਕਰਨ ਦਾ ਇਲਜ਼ਾਮ ਸੀ।
ਅਨੁਰਾਗ ਠਾਕੁਰ ਦੀ ਰੈਲੀ ਦੌਰਾਨ ਰੈਲੀ ਵਿੱਚਲੇ ਲੋਕਾਂ ਤੋਂ ਵਿਵਾਦਤ ਨਾਅਰਾ " ਦੇਸ਼ ਕੇ ਗਦਾਰੋ ਕੋ, ਗੋਲੀ ਮਾਰੋ " ਲਗਵਾਇਆ ਸੀ ਜਿਸ ਤੋਂ ਬਾਅਦ ਹੀ ਚੋਣ ਕਮਿਸ਼ਨ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਦੋਵੇਂ ਆਗੂਆਂ ਨੂੰ ਭਾਜਪਾ ਦੀ ਸਟਾਰ ਪ੍ਰਚਾਰਕ ਵਾਲੀ ਸੂਚੀ ਵਿੱਚੋਂ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਜਾਵੇ।