ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੈੱਸ ਬੈਂਕ ਸੰਕਟ ਮਾਮਲੇ ਵਿੱਚ ਅਨਿਲ ਅੰਬਾਨੀ ਨੂੰ ਤਲਬ ਕੀਤਾ ਹੈ। ਉਨ੍ਹਾਂ ਯੈੱਸ ਬੈਂਕ ਵੱਲੋਂ ਜਾਰੀ ਕੀਤੇ ਗਏ ਲੋਨ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਮੁੰਬਈ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਅਨਿਲ ਅੰਬਾਨੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਪੇਸ਼ ਹੋਣ ਲਈ ਕੁੱਝ ਸਮਾਂ ਮੰਗਿਆ ਹੈ। ਹੁਣ ਈਡੀ ਵੱਲੋਂ ਸੋਮਵਾਰ ਨੂੰ ਨਵੇਂ ਸੰਮਨ ਜਾਰੀ ਕੀਤਾ ਜਾਣਗੇ। ਪਹਿਲਾਂ ਅਨਿਲ ਅੰਬਾਨੀ ਨੂੰ ਲੰਘੇ ਸ਼ਨਿਵਾਰ ਸੰਮਨ ਜਾਰੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਸਾਰੀਆਂ ਵੱਡੀਆਂ ਕੰਪਨੀਆਂ ਦੇ ਪ੍ਰੋਮੋਟਰਜ਼ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ, ਜਿਨ੍ਹਾਂ ਨੇ ਕਰਜ਼ਾ ਲਿਆ ਪਰ ਉਹ ਵਾਪਸ ਨਹੀਂ ਕਰ ਸਕੇ।
ਦੱਸਣਾ ਬਣਦਾ ਹੈ ਕਿ ਯੈੱਸ ਬੈਂਕ ਉੱਤੇ ਰਿਜ਼ਰਵ ਬੈਂਕ ਵੱਲੋਂ ਲਾਈ ਗਈ ਰੋਕ ਪਰਸੋਂ 18 ਮਾਰਚ ਨੂੰ ਹਟ ਜਾਵੇਗੀ। ਸਰਕਾਰ ਨੇ ਸਨਿੱਚਰਵਾਰ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਦੀ ਅਗਵਾਈ ਹੇਠਲਾ ਬੋਰਡ ਆੱਫ਼ ਡਾਇਰੈਕਟਰਜ਼ ਇਸ ਮਹੀਨੇ ਦੇ ਅੰਤ ਤੱਕ ਚਾਰਜ ਸੰਭਾਲ ਲਵੇਗਾ।
ਸਰਕਾਰ ਨੇ ਸ਼ੁੱਕਰਵਾਰ ਨੂੰ ਦੇਰ ਸ਼ਾਮੀ ਯੈੱਸ ਬੈਂਕ ਪੁਨਰਗਠਨ ਯੋਜਨਾ 2020 ਨੂੰ ਅਧਿਸੂਚਿਤ ਕੀਤਾ ਸੀ। ਯੋਜਨਾ ਅਧੀਨ SBI ਤਿੰਨ ਸਾਲ ਤੱਕ ਯੈੱਸ ਬੈਂਕ ’ਚ ਆਪਣੀ ਹਿੱਸੇਦਾਰੀ ਨੂੰ 26 ਫ਼ੀਸਦੀ ਤੋਂ ਘੱਟ ਨਹੀਂ ਕਰ ਸਕੇਗਾ। ਉੱਧਰ ਹੋਰ ਨਿਵੇਸ਼ਕ ਤੇ ਮੌਜੂਦਾ ਸ਼ੇਅਰ-ਧਾਰਕਾਂ ਨੂੰ ਯੈੱਸ ਬੈਂਕ ’ਚ ਆਪਣੇ 75 ਫ਼ੀ ਸਦੀ ਨਿਵੇਸ਼ ਨੂੰ ਤਿੰਨ ਸਾਲਾਂ ਤੱਕ ਕਾਇਮ ਰੱਖਣਾ ਹੋਵੇਗਾ, ਭਾਵੇਂ 100 ਤੋਂ ਘੱਟ ਸ਼ੇਅਰ-ਧਾਰਕਾਂ ਲਈ ਅਜਿਹੀ ਕੋਈ ਰੋਕ ਜਾਂ ਲਾਕ-ਇਨ ਦੀ ਮਿਆਦ ਨਹੀਂ ਹੋਵੇਗੀ।