ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਪੰਜਾਬ ਦੇ ਲੁਧਿਆਣਾ ਸਹਿਤ ਜੰਮੂ ਕਸ਼ਮੀਰ 'ਚ ਵੀ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਮਾਮਲਾ ਜੰਮੂ-ਕਸ਼ਮੀਰ ਬੈਂਕ ਨਾਲ ਜੁੜੇ ਲੋਨ ਫ਼ਰਜ਼ੀਵਾੜੇ ਦਾ ਹੈ।
ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਅਬਦੁਲ ਰਹੀਮ ਰਾਥਰ ਦੇ ਪੁੱਤ ਹਿਲਾਲ ਰਾਥਰ ਦੇ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ। ਜੰਮੂ-ਕਸ਼ਮੀਰ ਬੈਂਕ ਦੇ ਕਈ ਸ਼ੱਕੀ ਅਧਿਕਾਰੀਆਂ ਦੇ ਖ਼ਿਲਾਫ਼ ਦਰਜ ਮਾਮਲੇ ਵਿੱਚ ਇਹ ਛਾਪੇਮਾਰੀ ਚੱਲ ਰਹੀ ਹੈ।
ਇਹ ਮਾਮਲਾ ਕਰੀਬ 177 ਕਰੋੜ ਲੋਨ ਦੇ ਫ਼ਰਜ਼ੀਵਾੜੇ ਦਾ ਹੈ। ਇਸ ਸਬੰਧ ਵਿੱਚ ਜੰਮੂ-ਕਸ਼ਮੀਰ ਦੀ ਏਸੀਬੀ (ਐਂਟੀ ਕਰੱਪਸ਼ਨ ਬਿਊਰੋ) ਵੱਲੋਂ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਨੇ ਵੀ ਇਸ ਸਬੰਧ ਵਿੱਚ ਕੇਸ ਦਰਜ ਕੀਤਾ ਸੀ।
ਜ਼ਿਕਰ ਕਰ ਦਈਏ ਕਿ ਇਸ ਮਾਮਲੇ ਵਿੱਚ ਕਈ ਅਫ਼ਸਰਾਂ 'ਤੇ ਮਾਮਲਾ ਦਰਜ ਹੋਇਆ ਹੈ। ਅਕਤੂਬਰ 2019 ਵਿੱਚ ਏਸੀਬੀ ਨੇ ਜੇ ਐਂਡ ਕੇ ਬੈਂਕ ਦੇ ਸਾਬਕਾ ਚੇਅਰਮੈਨ ਮੁਸ਼ਤਾਕ ਅਹਿਮਦ ਦੇ ਵਿਰੁੱਧ ਲੋਕ ਮਨਜ਼ੂਰ ਕਰਨ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਜਨਵਰੀ 2020 ਵਿੱਚ ਬੈਂਕ ਦੇ ਅਧਿਕਾਰੀਆਂ ਉੱਤੇ ਬੈਂਕ ਵਿੱਚ 3 ਹਜ਼ਾਰ ਨਜਾਇਜ਼ ਭਰਤੀਆਂ ਤੋਂ ਇਲਾਵਾ ਕਰੋੜਾਂ ਰੁਪਇਆਂ ਦੇ ਲੋਨ ਵੰਡਣ ਤਹਿਤ ਕੇਸ ਦਰਜ ਕੀਤੇ ਗਏ ਸੀ।