ਨਵੀਂ ਦਿੱਲੀ: ਪੰਜਾਬ ਵਿੱਚ ਮਾਲ ਗੱਡੀਆਂ ਨਾ ਚੱਲਣ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੱਖ ਰੱਖਣ ਲਈ ਕਾਂਗਰਸੀ ਰਾਜ ਸਭਾ ਮੈਂਬਰ ਅੱਜ ਕੇਂਦਰੀ ਰੇਲ ਮੰਤਰੀ ਮੰਤਰੀ ਪੀਯੂਸ਼ ਗੋਇਲ ਨੂੰ ਮਿਲੇ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਰਾਜ ਸਭਾ ਸੰਸਦ ਮੈਂਬਰ ਸਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਮਾਲ ਗੱਡੀਆਂ ਨਾ ਚੱਲਣ ਕਾਰਨ ਪੰਜਾਬ ਵਿੱਚ ਖ਼ਾਦ ਅਤੇ ਕੋਲੇ ਦੀ ਘਾਟ ਹੋ ਰਹੀ ਹੈ। ਕਣਕ ਦੀ ਬਿਜਾਈ ਦਾ ਸਮਾਂ ਆ ਰਿਹਾ ਹੈ ਅਤੇ ਖ਼ਾਦ ਨਾ ਹੋਣ ਕਾਰਨ ਕਿਸਾਨਾਂ ਦੇ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ। ਉੱਥੇ ਹੀ ਕੋਲਾ ਨਾ ਹੋਣ ਕਾਰਨ ਬਿਜਲੀ ਸੰਕਟ ਵੀ ਪੰਜਾਬ ਉੱਪਰ ਮੰਡਰਾ ਰਿਹਾ ਹੈ। ਪੰਜਾਬ ਦੀਆਂ ਮੁਸ਼ਕਿਲਾਂ ਕੇਂਦਰ ਤੱਕ ਪਹੁੰਚਾਉਣ ਦੇ ਲਈ ਅੱਜ ਇਹ ਬੈਠਕ ਕੀਤੀ ਗਈ।
ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਲੋਕ ਸਭਾ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਮੁਲਾਕਾਤ ਬਾਰੇ ਦੱਸਿਆ ਨਹੀਂ ਅਤੇ ਰਾਜ ਸਭਾ ਮੈਂਬਰਾਂ ਵੱਲੋਂ ਵੱਖਰੇ ਤੌਰ ਉੱਤੇ ਇਹ ਬੈਠਕ ਲਈ ਬੇਨਤੀ ਕੀਤੀ ਗਈ ਸੀ। ਸ਼ਮਸ਼ੇਰ ਸਿੰਘ ਦੂਲੋਂ ਲੋਕ ਸਭਾ ਦੇ ਸੰਸਦ ਮੈਂਬਰਾਂ ਦੇ ਇਸ ਵਤੀਰੇ ਤੋਂ ਕਾਫੀ ਨਾਰਾਜ਼ ਨਜ਼ਰ ਵੀ ਦਿਖੇ। ਉਨ੍ਹਾਂ ਨੇ ਕਿਹਾ ਕਿ ਬਾਜਵਾ ਅਤੇ ਉਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹਨ ਅਤੇ ਸੀਨੀਅਰ ਲੀਡਰਾਂ ਦੇ ਨਾਲ ਇਸ ਤਰੀਕੇ ਦਾ ਵਰਤਾਰਾ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਜੰਤਰ-ਮੰਤਰ ਧਰਨੇ 'ਚ ਕਿਉਂ ਨਹੀਂ ਆਏ?
ਦੂਲੋ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਉਨ੍ਹਾਂ ਦੱਸਿਆ ਹੀ ਨਹੀਂ ਗਿਆ ਨਾ ਹੀ ਕੋਈ ਸੱਦਾ ਦਿੱਤਾ ਗਿਆ। ਰਾਜ ਸਭਾ ਤੋਂ ਬਾਹਰ ਆ ਕੇ ਦੂਲੋ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀਆਂ ਮੁਸ਼ਕਿਲਾਂ ਸਬੰਧੀ ਰੇਲ ਮੰਤਰੀ ਨੂੰ ਜਾਣੂ ਕਰਵਾਇਆ। ਉੱਥੇ ਹੀ ਲੋਕ ਸਭਾ ਸੰਸਦ ਮੈਂਬਰਾਂ ਨੇ ਦੱਸਿਆ ਕਿ ਰੇਲ ਮੰਤਰੀ ਨਾਲ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ।
ਪਾਕਿਸਤਾਨ ਵੱਲੋਂ ਗੁਰੂਘਰਾਂ ਦਾ ਪ੍ਰਬੰਧ ਖੋਹ ਲਿਆ ਹੈ...
ਕਰਤਾਰਪੁਰ ਸਾਹਿਬ ਦੀ ਸੇਵਾ-ਸੰਭਾਲ ਦਾ ਜ਼ਿੰਮਾ ਖੋਹ ਕੇ ਇੱਕ ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ ਨੂੰ ਦੇਣ ਬਾਰੇ ਦੂਲੋ ਨੇ ਕਿਹਾ ਕਿ ਸਿੱਖ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਿੱਖਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਇਸ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।