ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਰਾਜ ਸਭਾ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁੱਝ ਸ਼ਿਕਾਇਤਾਂ ਜ਼ਰੂਰ ਮਿਲ ਰਹੀਆਂ ਹਨ ਪਰ ਇਸ ਨੂੰ ਲੈ ਕੇ ਸਰਕਾਰ ਚੌਕਸ ਹੈ।
ਡਾ. ਹਰਸ਼ਵਰਧਨ ਨੇ ਕਿਹਾ ਕਿ ਮਰੀਜ਼ਾਂ ਨੂੰ ਉੱਚ ਪੱਧਰੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ, ਸੂਬਾ ਸਰਕਾਰਾਂ ਨੂੰ ਇਸ ਵਾਇਰਸ ਵਾਲ ਨਜਿੱਠਣ ਵਿੱਚ ਪੂਰੀ ਮਦਦ ਕਰ ਰਹੀ ਹੈ। ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਵਿੱਚ ਕੁਆਰੰਟੀਨ ਸੇਵਾਵਾਂ ਵਧਾਈਆਂ ਜਾਣ। ਅਮਰੀਕਾ ਵਿੱਚ ਕਲੋਰੋਕਵਿਨ ਉੱਤੇ ਖੋਜ ਹੋਣ ਦੀ ਗੱਲ ਸੁਣੀ ਹੈ। ਪੂਰੀ ਵਿਗਿਆਨਕ ਜਾਂਚ ਤੋਂ ਬਾਅਦ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਦੇ ਵਿਗਿਆਨੀਆਂ ਨੇ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦਈਏ ਕਿ ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ 127 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨੂੰ ਵੇਖਦਿਆਂ ਸਕੂਲ-ਕਾਲਜ, ਜਿੰਮ, ਕਲੱਬ ਅਤੇ ਸਿਨੇਮਾ ਘਰ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤੇ ਗਏ ਹਨ।
158 ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿੱਚ 7 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ 1ਲੱਖ 80 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹਨ।