ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੇ ਆਤਮ ਸਮਰਪਣ ਦੀ ਅਰਜ਼ੀ ਦਿੱਲੀ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਤਾਹਿਰ ਹੁਸੈਨ ਆਈਬੀ ਦੇ ਜਵਾਨ ਦੇ ਕਤਲ ਅਤੇ ਦੰਗਾ ਕਰਵਾਉਣ ਦੇ ਮਾਮਲੇ ਵਿੱਚ ਦੋਸ਼ੀ ਹੈ। ਅਰਜ਼ੀ ਖ਼ਾਰਿਜ ਹੋਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਾਹਿਰ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦਈਏ ਕਿ ਤਾਹਿਰ ਹੁਸੈਨ ਅੱਜ ਵੀਰਵਾਰ ਨੂੰ ਆਤਮ ਸਮਰਪਣ ਕਰਨ ਲਈ ਅਦਾਲਤ ਗਿਆ ਸੀ ਜਿਥੇ ਉਸ ਦੀ ਅਰਜ਼ੀ ਨੂੰ ਖ਼ਾਰਿਜ ਕਰ ਦਿੱਤਾ। ਤਾਹਿਰ ਹੁਸੈਨ ਦੇ ਖ਼ਿਲਾਫ਼ ਕੁੱਲ 3 ਮਾਮਲੇ ਦਰਜ ਕੀਤੇ ਗਏ ਹਨ। ਦਿਆਲਪੁਰ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸੇ ਕਤਲ ਦੀ ਕੋਸ਼ਿਸ਼ ਦਾ ਦੂਜਾ ਮਾਮਲਾ ਵੀ ਇਸ ਥਾਣੇ ਵਿੱਚ ਹੀ ਦਰਜ ਕੀਤਾ ਗਿਆ ਹੈ। ਤੀਜਾ ਮਾਮਲਾ ਖਜੂਰੀ ਸਪੈਸ਼ਲ ਥਾਣੇ ਵਿੱਚ ਦੰਗੇ ਅਤੇ ਅੱਗ ਲਾਉਣ ਦਾ ਹੈ। ਤਾਹਿਰ ਹੁਸੈਨ ਖ਼ਿਲਾਫ਼ ਆਈਪੀਸੀ ਦੀ ਧਾਰਾ 307, 120B, 34 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਦਿੱਲੀ 'ਚ 5ਵੀਂ ਤੱਕ ਦੇ ਸਾਰੇ ਸਕੂਲ 31 ਮਾਰਚ ਤੱਕ ਰਹਿਣਗੇ ਬੰਦ
ਤਾਹਿਰ ਹੁਸੈਨ ਦੇ ਵਕੀਲ ਨੇ ਦੱਸਿਆ ਕਿ ਉਹ ਅਦਾਲਤ ਵਿੱਚ ਆਤਮ ਸਮਰਪਣ ਦੀ ਅਰਜ਼ੀ ਲੈ ਕੇ ਆਏ ਸੀ। ਉਨ੍ਹਾਂ ਕਿਹਾ ਕਿ ਮਾਨਯੋਗ ਜੱਜ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਸਾਰੇ ਪੱਖ ਸੁਣ ਕੇ ਉਨ੍ਹਾਂ ਵੱਲੋਂ ਅਰਜ਼ੀ ਨੂੰ ਖ਼ਾਰਿਜ ਕੀਤਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਵਿੱਚ ਹੋਈ ਹਿੰਸਾ ਵਿੱਚ 53 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਵੀ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਮਰਨ ਵਾਲਿਆਂ 'ਚੋਂ ਆਈਬੀ ਦੇ ਜਵਾਨ ਦੇ ਕਤਲ ਦਾ ਦੋਸ਼ ਤਾਹਿਰ ਹੁਸੈਨ 'ਤੇ ਲਗਾਇਆ ਗਿਆ ਜਿਸ ਵਿੱਚ ਕ੍ਰਾਈਮ ਬ੍ਰਾਂਚ ਨੇ ਤਾਹਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।