ਨਵੀਂ ਦਿੱਲੀ: ਇਸ ਸਾਲ ਫਰਵਰੀ 'ਚ ਦਿੱਲੀ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਅਰਥ ਸ਼ਾਸਤਰੀ ਜੈਅਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਕਾਰਕੁਨ ਅਪੂਰਵਾਨੰਦ ਅਤੇ ਡਾਕਯੁਮੇਂਟਰੀ ਫਿਲਮ ਨਿਰਮਾਤਾ ਰਾਹੁਲ ਰਾਏ ਦੇ ਨਾਂਅ ਸਹਿ ਸਾਜ਼ਿਸ਼ ਰਚਣ ਵਾਲਿਆਂ ਦੇ ਰੂਪ 'ਚ ਦਰਜ ਕੀਤੇ ਹਨ।
ਇਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਸੀਏਏ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਹੱਦ ਤੱਕ ਜਾਣ ਲਈ ਕਿਹਾ, ਸੀਏਏ-ਐਨਆਰਸੀ ਨੂੰ ਮੁਸਲਿਮ ਵਿਰੋਧੀ ਦੱਸਦਿਆਂ ਅਤੇ ਭਾਈਚਾਰੇ ਵਿੱਚ ਨਾਰਾਜ਼ਗੀ ਪੈਦਾ ਕੀਤੀ ਅਤੇ ਭਾਰਤ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਲਈ ਪ੍ਰਦਰਸ਼ਨ ਕੀਤੇ।
ਦਿੱਲੀ ਦੇ ਉਤਰ ਪੂਰਵੀ ਜ਼ਿਲ੍ਹੇ 'ਚ 23 ਤੋਂ 26 ਫਰਵਰੀ ਤੱਕ ਹੋਏ ਦੰਗਿਆਂ ਵਿੱਚ ਪੁਲਿਸ ਵੱਲੋਂ ਦਾਇਰ ਸਪਲੀਮੈਂਟਰੀ ਚਾਰਜਸ਼ੀਟ ਦਰਜ ਕੀਤੀ ਹੈ। ਉਸ ਵਿੱਚ ਉਨ੍ਹਾਂ ਸਾਰਿਆਂ ਦੇ ਨਾਂਅ ਸ਼ਾਮਲ ਹਨ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੰਗਿਆਂ ਵਿੱਚ 53 ਲੋਕ ਮਾਰੇ ਗਏ ਸਨ ਅਤੇ 581 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ 97 ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸਨ।
ਇਨ੍ਹਾਂ ਜਾਣੇ-ਪਛਾਣੇ ਲੋਕਾਂ 'ਤੇ ਤਿੰਨ ਵਿਦਿਆਰਥਣਾਂ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ ਲਗਾਏ ਗਏ ਹਨ। ਜੇਐਨਯੂ ਦੀਆਂ ਵਿਦਿਆਰਥੀ ਦੇਵਾਂਗਾਨਾ ਕਾਲੀਤਾ ਅਤੇ ਨਤਾਸ਼ਾ ਨਰਵਾਲ ਅਤੇ ਜਾਮੀਆ ਮਿਲੀਆ ਇਸਲਾਮੀਆ ਦੀ ਵਿਦਿਆਰਥਣ ਗੁਲਫਿਸ਼ਾ ਫਾਤਿਮਾ ਪਿੰਜਰਾ ਤੋੜ ਦੀ ਮੈਂਬਰ ਵੀ ਹੈ। ਇਨ੍ਹਾਂ ਲੋਕਾਂ ਨੂੰ ਜਾਫ਼ਰਾਬਾਦ ਹਿੰਸਾ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦੰਗੇ ਇੱਥੋਂ ਸ਼ੁਰੂ ਹੋਏ ਅਤੇ ਉੱਤਰ-ਪੂਰਬੀ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਫੈਲ ਗਏ।
3 ਕੁੜੀਆਂ ਵਿਰੁੱਧ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਗਏ ਹਨ। ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਜਨਤਕ ਕੀਤੀ ਗਈ ਚਾਰਜਸ਼ੀਟ ਵਿੱਚ, ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਕਾਲੀਤਾ ਅਤੇ ਨਰਵਾਲ ਨੇ ਦੰਗਿਆਂ ਵਿੱਚ ਨਾ ਸਿਰਫ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ, ਬਲਕਿ ਘੋਸ਼, ਅਪੂਰਵਾਨੰਦ ਅਤੇ ਰਾਏ ਦੇ ਨਾਮ ਵੀ ਆਪਣੇ ਸਰਪ੍ਰਸਤ ਦੇ ਤੌਰ 'ਤੇ ਦੱਸੇ।