ਨਵੀਂ ਦਿੱਲੀ: ਨਿਰਭਯਾ ਜਬਰ ਜਨਾਹ ਮਾਮਲੇ ਵਿੱਚ 7 ਸਾਲ ਬਾਅਦ ਪੀੜਤ ਨੂੰ ਇਨਸਾਫ਼ ਮਿਲਿਆ। ਨਿਰਭਯਾ ਦੇ 4 ਦੋਸ਼ੀਆਂ ਨੂੰ ਅੱਜ ਸੂਰਜ ਚੜ੍ਹਣ ਤੋਂ ਪਹਿਲਾਂ 5:30 ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।
ਦੱਸ ਦਈਏ ਕਿ 16 ਦਸੰਬਰ 2012 ਨੂੰ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਇਨ੍ਹਾਂ ਦੋਸ਼ੀਆਂ ਵੱਲੋਂ ਨਿਰਭਯਾ ਨਾਲ ਜਬਰ-ਜਨਾਹ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਹੇਠਲੀ ਅਦਾਲਤ ਵੱਲੋਂ ਪੰਜ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇੱਕ ਦੋਸ਼ੀ ਦੇ ਨਾਬਾਲਗ ਹੋਣ ਕਰਕੇ ਉਸ ਨੂੰ 3 ਸਾਲ ਦੀ ਸਜ਼ਾ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਅਕਸ਼ੈ, ਪਵਨ, ਵਿਨੇ ਤੇ ਮੁਕੇਸ਼ ਨਾਂਅ ਦੇ 4 ਦੋਸ਼ੀਆਂ ਨੂੰ ਉਨ੍ਹਾਂ ਦੇ ਸਾਰੇ ਕਾਨੂੰਨੀ ਦਾਅ-ਪੇਚ ਖੇਡਣ ਦੇ ਬਾਵਜੂਦ ਅੱਜ ਸਵੇਰੇ 5:30 ਵਜੇ ਫਾਂਸੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ 19 ਮਾਰਚ ਦਾ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ
ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ 22 ਜਨਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ। ਦੋਸ਼ੀਆਂ ਵੱਲੋਂ ਰਹਿਮ ਦੀ ਅਪੀਲ ਕੀਤੇ ਜਾਣ ਤੋਂ ਬਾਅਦ 1 ਫਰਵਰੀ ਦਾ ਡੈਥ ਵਾਰੰਟ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਫੇਰ ਦੋਸ਼ੀਆਂ ਵੱਲੋਂ ਕਾਨੂੰਨੀ ਹੱਥਕੰਡੇ ਅਪਣਾਏ ਗਏ ਅਤੇ ਅਦਾਲਤ ਵੱਲੋਂ ਸੁਣਾਈ ਗਈ 3 ਮਾਰਚ ਅਤੇ 5 ਮਾਰਚ ਦੇ ਫਾਂਸੀ ਦੇ ਹੁਕਮਾਂ 'ਤੇ ਵੀ ਰੋਕ ਲਗਵਾ ਲਈ। ਅੱਜ ਯਾਨੀ ਕਿ 20 ਮਾਰਚ ਨੂੰ ਸਵੇਰੇ 5:30 ਵਜੇ ਦੋਸ਼ੀਆਂ ਨੂੰ ਫਾਂਸੀ ਟੰਗ ਕੇ 7 ਸਾਲ ਬਾਅਦ ਨਿਰਭਯਾ ਨੂੰ ਇਨਸਾਫ਼ ਦਿੱਤਾ ਗਿਆ।
ਫਾਂਸੀ ਦੀ ਪ੍ਰਕਿਰਿਆ ਦੇ ਤਹਿਤ ਫਾਂਸੀ ਤੋਂ ਪਹਿਲਾਂ ਦੋਸ਼ੀਆਂ ਤੋਂ ਉਨ੍ਹਾਂ ਦੀ ਆਖ਼ਰੀ ਇੱਛਾ ਪੁੱਛੀ ਗਈ ਤਾਂ ਉਨ੍ਹਾਂ ਨੇ ਆਖ਼ਰੀ ਇੱਛਾ ਵੀ ਨਹੀਂ ਦੱਸੀ ਅਤੇ ਖਾਣਾ ਖਾਣ ਤੋਂ ਵੀ ਇਨਕਾਰ ਕਰ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਵਿਨੇ ਨੂੰ ਛੱਡ ਕੇ ਬਾਕੀ ਸਾਰੇ ਦੋਸ਼ੀਆਂ ਨੇ ਕੱਪੜੇ ਬਦਲੇ ਸਨ।