ਸ੍ਰੀਨਗਰ: ਯੂਰਪੀਅਨ ਸੰਸਦ ਦੇ ਮੈਂਬਰਾਂ ਦਾ ਵਫਦ ਮੰਗਲਵਾਰ ਨੂੰ ਕਸ਼ਮੀਰ ਦੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਸ੍ਰੀਨਗਰ ਪਹੁੰਚਿਆ। ਹਵਾਈ ਅੱਡੇ ਤੋਂ ਵਫ਼ਦ ਦੇ ਮੈਂਬਰਾਂ ਨੂੰ ਲਲਿਟ ਹੋਟਲ ਪਹੁੰਚਾਇਆ ਗਿਆ।
ਸੂਤਰਾਂ ਮੁਤਾਬਕ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਵਫ਼ਦ ਨੂੰ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਪੁਲਿਸ ਵੀ ਵਫ਼ਦ ਨੂੰ ਘਾਟੀ ਵਿੱਚ ਸੁਰੱਖਿਆ ਹਾਲਾਤਾਂ ਬਾਰੇ ਜਾਣਕਾਰੀ ਦੇਵੇਗੀ।
ਧਾਰਾ 370 ਨੂੰ ਰੱਦ ਕੀਤੇ ਜਾਣ ਅਤੇ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਹਿਲਾ ਵਿਦੇਸ਼ੀ ਵਫ਼ਦ ਕਸ਼ਮੀਰਵਿੱਚ ਰਹਿ ਰਹੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰੇਗਾ।
ਇਸ ਦੌਰਾਨ ਕਸ਼ਮੀਰ ਵਿੱਚ ਬੰਦ ਲਾਗੂ ਹੈ। ਦੁਕਾਨਾਂ ਬੰਦ ਹਨ, ਜਨਤਕ ਆਵਾਜਾਈ ਸੜਕਾਂ ਤੇ ਵਿਖਾਈ ਨਹੀਂ ਦੇ ਰਹੀ ਅਤੇ ਨਿੱਜੀ ਵਾਹਨਾਂ ਦੀ ਗਿਣਤੀ ਵੀ ਘਟ ਗਈ ਹੈ। ਸ੍ਰੀਨਗਰ ਦਾ ਖੁੱਲ੍ਹਾ ਬਾਜ਼ਾਰ ਮੰਗਲਵਾਰ ਨੂੰ ਬੰਦ ਰਿਹਾ।
ਸ੍ਰੀਨਗਰ ਦੇ ਕੁਝ ਇਲਾਕਿਆਂ ਤੋਂ ਪ੍ਰਦਰਸ਼ਨਾਂ ਅਤੇ ਝੜਪਾਂ ਹੋਣ ਦੀਆਂ ਖਬਰਾਂ ਆਈਆਂ ਹਨ। ਮੰਗਲਵਾਰ ਤੋਂ ਸ਼ੁਰੂ ਹੋ ਰਹੀ ਮੈਟ੍ਰਿਕ ਦੀ ਪ੍ਰੀਖਿਆ ਲਈ ਵਿਦਿਆਰਥੀ ਕਸ਼ਮੀਰ ਦੇ ਪ੍ਰੀਖਿਆ ਕੇਂਦਰਾਂ ਆ ਰਹੇ ਹਨ।