ਨਵੀਂ ਦਿੱਲੀ: ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਸਾਲ 2019 ਵਿੱਚ ਤਕਰੀਬਨ 43,000 ਕਿਸਾਨਾਂ ਤੇ ਦਿਹਾੜੀਦਾਰ ਮਜ਼ਦੂਰਾਂ ਨੇ ਖ਼ੁਦਖੁਸ਼ੀ ਕੀਤੀ। ਸਾਲ ਦੇ ਦੌਰਾਨ ਦੇਸ਼ ਭਰ ਵਿੱਚ ਕੁੱਲ 1,39,123 ਲੋਕਾਂ ਨੇ ਖ਼ੁਦਖੁਸ਼ੀ ਕੀਤੀ।
ਅੰਕੜਿਆਂ ਦੇ ਅਨੁਸਾਰ, ਸਾਲ ਦੇ ਦੌਰਾਨ 32,563 ਦਿਹਾੜੀਦਾਰ ਮਜ਼ਦੂਰਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਇਹ ਗਿਣਤੀ ਕੁੱਲ ਕੇਸਾਂ ਦਾ ਤਕਰੀਬਨ 23.4 ਫ਼ੀਸਦੀ ਸੀ। ਉੱਥੇ ਹੀ ਇੱਕ ਸਾਲ ਪਹਿਲਾਂ ਸਾਲ 2018 'ਚ, ਇਹ ਗਿਣਤੀ 30,132 ਸੀ।
ਐਨਸੀਆਰਬੀ ਦੇ ਅੰਕੜਿਆਂ ਅਨੁਸਾਰ, 2019 ਵਿੱਚ, ਖੇਤੀਬਾੜੀ ਸੈਕਟਰ ਨਾਲ ਸਬੰਧਤ 10,281 ਲੋਕਾਂ (ਜਿਨ੍ਹਾਂ 'ਚ 5,957 ਕਿਸਾਨ ਅਤੇ 4,324 ਖੇਤੀ ਮਜ਼ਦੂਰ ਸ਼ਾਮਿਲ ਹਨ ) ਨੇ ਖ਼ੁਦਕੁਸ਼ੀ ਕੀਤੀ। ਇਹ ਗਿਣਤੀ ਦੇਸ਼ ਵਿੱਚ ਸਾਲ 2019 'ਚ ਹੋਏ ਖ਼ੁਦਕੁਸ਼ੀਆਂ ਦੇ ਕੁੱਲ 1,39,123 ਮਾਮਲਿਆਂ ਵਿੱਚ 7.4 ਫ਼ੀਸਦੀ ਹੈ।
ਇਸ ਤੋਂ ਪਹਿਲਾਂ 2018 ਵਿੱਚ, ਕੁੱਲ 10,349 ਖੇਤੀਬਾੜੀ ਕਿਸਾਨਾਂ ਨੇ ਖ਼ੁਦਖੁਸ਼ੀ ਕੀਤੀ ਸੀ। ਇਹ ਗਿਣਤੀ ਉਸ ਸਾਲ ਦੀਆਂ ਖ਼ੁਦਕੁਸ਼ੀਆਂ ਦਾ ਕੁੱਲ 7.7 ਫ਼ੀਸਦੀ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰ ਰਹੇ ਐਨਸੀਆਰਬੀ ਨੇ ਕਿਹਾ ਕਿ ਸਾਲ 2019 ਵਿੱਚ ਖ਼ੁਦਕੁਸ਼ੀ ਕਰਨ ਵਾਲੇ 5,957 ਕਿਸਾਨਾਂ 'ਚੋਂ 5,563 ਮਰਦ ਅਤੇ 394 ਔਰਤਾਂ ਸਨ। ਉੱਥੇ ਹੀ ਸਾਲ ਦੌਰਾਨ ਖ਼ੁਦਕੁਸ਼ੀ ਕਰਨ ਵਾਲੇ ਕੁੱਲ 4,324 ਖੇਤੀਬਾੜੀ ਮਜ਼ਦੂਰਾਂ ਵਿੱਚੋਂ 3,749 ਮਰਦ ਅਤੇ 575 ਔਰਤਾਂ ਸਨ।
ਅੰਕੜਿਆਂ ਅਨੁਸਾਰ ਸਭ ਤੋਂ ਵੱਧ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨ ਮਹਾਰਾਸ਼ਟਰ (38.2 % ), ਕਰਨਾਟਕ (19.4 %), ਆਂਧਰਾ ਪ੍ਰਦੇਸ਼ (10 %), ਮੱਧ ਪ੍ਰਦੇਸ਼ (5.3 %) ਅਤੇ ਛੱਤੀਸਗੜ੍ਹ ਤੇ ਤੇਲੰਗਾਨਾ (ਕਰੀਬ 4.9 %) ਹੈ।
ਹਾਲਾਂਕਿ, ਐਨਸੀਆਰਬੀ ਨੇ ਕਿਹਾ ਕਿ ਪੱਛਮੀ ਬੰਗਾਲ, ਬਿਹਾਰ, ਉੜੀਸਾ, ਉਤਰਾਖੰਡ, ਮਨੀਪੁਰ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਦਮਨ ਅਤੇ ਦੀਪ, ਦਿੱਲੀ, ਲਕਸ਼ਦੀਪ ਅਤੇ ਪੁਡੂਚੇਰੀ 'ਚ ਕਿਸਾਨਾਂ ਦੇ ਨਾਲ ਨਾਲ ਖੇਤੀ ਮਜ਼ਦੂਰਾਂ ਦੇ 'ਖ਼ੁਦਕੁਸ਼ੀ' ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੁੱਲ ਮਿਲਾ ਕੇ ਸਾਲ 2019 ਵਿੱਚ ਦੇਸ਼ 'ਚ 1,39,123 ਖ਼ੁਦਖੁਸ਼ੀ ਦੀਆਂ ਘਟਨਾਵਾਂ ਵਾਪਰੀਆਂ, ਜਦੋਂਕਿ ਸਾਲ 2018 'ਚ 1,34,516 ਤੇ 2017 ਵਿੱਚ 1,29,887 ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਵਰਗੀਕਰਣ ਦੇ ਅਨੁਸਾਰ, ਸਭ ਤੋਂ ਵੱਧ ਖ਼ੁਦਕੁਸ਼ੀਆਂ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ (23.4 %) ਅਤੇ ਇਸ ਤੋਂ ਬਾਅਦ ਘਰੇਲੂ ਔਰਤਾਂ (15.4 %) ਹਨ। ਇਸ ਤੋਂ ਬਾਅਦ ਸਵੈ-ਰੁਜ਼ਗਾਰ ਪ੍ਰਾਪਤ (11.6 %), ਬੇਰੁਜ਼ਗਾਰ (10.1 %), ਪੇਸ਼ੇਵਰ ਜਾਂ ਤਨਖ਼ਾਹ ਵਾਲੇ (9.1 %), ਵਿਦਿਆਰਥੀ ਤੇ ਖੇਤੀਬਾੜੀ ਤੋਂ ਵਿਅਕਤੀ (ਦੋਵੇਂ 7.4 %), ਅਤੇ ਸੇਵਾਮੁਕਤ ਵਿਅਕਤੀ (0.9 %) ਹਨ।
ਐਨਸੀਆਰਬੀ ਨੇ ਕਿਹਾ ਕਿ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ 14.7 ਫ਼ੀਸਦੀ ਹੋਰ ਵਿਅਕਤੀਆਂ ਦੀ ਸ਼੍ਰੇਣੀ 'ਚ ਆਉਂਦੇ ਹਨ। ਸਾਲ ਦੇ ਦੌਰਾਨ ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚੋਂ 66.7 ਫ਼ੀਸਦੀ ਵਿਆਹੇ ਹੋਏ ਸਨ ਜਦੋਂ ਕਿ 23.6 ਫ਼ੀਸਦੀ ਕੁਆਰੇ ਸਨ।
ਅੰਕੜਿਆਂ ਅਨੁਸਾਰ, ਖ਼ੁਦਕੁਸ਼ੀ ਕਰਨ ਵਾਲੇ ਪੀੜਤਾਂ ਦੇ ਵਿਦਿਅਕ ਪਿਛੋਕੜ ਨੇ ਦਰਸਾਇਆ ਕਿ ਕੁੱਲ ਆਤਮ ਹੱਤਿਆ ਕਰਨ ਵਾਲਿਆਂ 'ਚੋਂ 12.6 ਪ੍ਰਤੀਸ਼ਤ (17,588) ਅਨਪੜ੍ਹ ਸਨ, ਜਦੋਂ ਕਿ ਸਿਰਫ਼ 3.7 ਫ਼ੀਸਦੀ (5,185) ਗ੍ਰੈਜੂਏਟ ਤੇ ਇਸ ਤੋਂ ਵੱਧ ਪੜ੍ਹੇ ਹੋਏ ਸਨ। ਸਾਲ 2019 ਵਿੱਚ ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ 23.3 ਫ਼ੀਸਦੀ (32,427) ਸੀ, ਜਿਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਸੀ। ਉੱਥੇ ਹੀ ਸੈਕੰਡਰੀ ਪੱਧਰ ਤੱਕ ਪੜ੍ਹਨ ਵਾਲਿਆਂ 'ਚੋਂ 19.6 ਫ਼ੀਸਦੀ (27,323) ਅਤੇ 16.3 ਫ਼ੀਸਦੀ (22,649) ਪ੍ਰਾਇਮਰੀ ਸਕੂਲ ਤੱਕ ਪੜ੍ਹਾਈ ਕਰਨ ਵਾਲਿਆਂ ਵਿੱਚੋਂ ਸਨ। ਇਸ ਤੋਂ ਬਾਅਦ, ਖ਼ੁਦਕੁਸ਼ੀ ਕਰਨ ਵਾਲਿਆਂ 'ਚੋਂ 14 ਫ਼ੀਸਦੀ (19,508) ਸਭ ਤੋਂ ਉੱਚ ਸੈਕੰਡਰੀ ਜਾਂ ਵਿਚਕਾਰਲੇ ਸਿੱਖਿਅਤ ਸਨ।