ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਅਲਹਦਾ ਸਿਰਜਨਾ ਦੇ ਰੰਗ ਦੇ ਰਹੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਨਿਰਦੇਸ਼ਕ ਸ਼ਿਵਤਾਰ ਸ਼ਿਵ, ਜੋ ਅਪਣੀ ਇੱਕ ਹੋਰ ਪੰਜਾਬੀ ਆਫ਼-ਬੀਟ ਫਿਲਮ 'ਤਾਸ਼ ਦਾ ਪੱਤਾ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਸਿਨੇ ਕੈਨਵਸ ਕ੍ਰਿਏਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਮਨਦੀਪ ਸਿੰਘ, ਜਦਕਿ ਨਿਰਦੇਸ਼ਨ ਸ਼ਿਵਤਾਰ ਸ਼ਿਵ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
'ਸ਼ੈਲੀ ਸੁਮਨ ਪ੍ਰੋਡੋਕਸ਼ਨ' ਦੇ ਵਿਸ਼ੇਸ਼ ਸੰਯੋਜਨ ਅਧੀਨ ਸਾਹਮਣੇ ਆਉਣ ਜਾ ਰਹੀ ਉਕਤ ਥ੍ਰਿਲਰ-ਭਰਪੂਰ ਪੰਜਾਬੀ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਰਥਿਕ ਪੁਰੀ, ਗਗਨ ਗੱਗਰ, ਪ੍ਰਥਮੇਸ਼, ਮਨਿੰਦਰਜੀਤ ਕੌਰ, ਸੰਦੀਪ ਕੌਰ, ਪਰਮਿੰਦਰ ਕੌਰ ਵਾਲੀਆ, ਹਰਪਾਲ ਸਿੰਘ, ਮੋਂਟੀ, ਨਵਰਤਨ ਸਿੰਘ (ਸੰਨੀ ਢਿੱਲੋਂ), ਰੋਹਨ ਵਰਮਾ ਆਦਿ ਸ਼ੁਮਾਰ ਹਨ।
ਬਤੌਰ ਸਿਨੇਮਾਟੋਗ੍ਰਾਫ਼ਰ ਅਪਣੇ ਸਿਨੇਮਾ ਸਫ਼ਰ ਦਾ ਅਗਾਜ਼ ਕਰਨ ਵਾਲੇ ਸ਼ਿਵਤਾਰ ਸ਼ਿਵ ਅੱਜਕੱਲ੍ਹ ਨਿਰਦੇਸ਼ਕ ਦੇ ਰੂਪ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਦੌਰਾਨ ਕੀਤੀਆਂ ਗਈਆਂ ਫਿਲਮਾਂ ਹੀ ਦੇ ਵਿੱਚ 'ਸੱਗੀ ਫੁੱਲ' (2018), 'ਖਤਰੇ ਦਾ ਘੁੱਗੂ' (2020) ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਨੂੰ ਮਿਆਰੀ ਕੰਟੈਂਟ ਆਧਾਰਿਤ ਫਿਲਮਾਂ ਵੇਖਣ ਦੇ ਸ਼ੌਂਕੀਨ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਿਨੇਮਾਟੋਗ੍ਰਾਫ਼ਰ ਦੇ ਰੂਪ ਵਿੱਚ ਉਨ੍ਹਾਂ ਦੀਆਂ ਸਾਹਮਣੇ ਆਈਆਂ ਫਿਲਮਾਂ 'ਵਨਸ ਅਪਾਨ ਟਾਈਮ ਇਨ ਅੰਮ੍ਰਿਤਸਰ', 'ਕੁਕਨੂਸ', 'ਬਰਫ਼', 'ਪੱਤਾ ਪੱਤਾ ਸਿੰਘਾਂ ਦਾ ਵੈਰੀ', 'ਕੌਮ ਦੇ ਹੀਰੇ' ਆਦਿ ਵਿੱਚ ਵੀ ਉਨ੍ਹਾਂ ਦੀ ਕੈਮਰਾਬੱਧਤਾ ਨੂੰ ਕਾਫ਼ੀ ਸਰਾਹਿਆ ਗਿਆ ਹੈ।
ਪਾਲੀਵੁੱਡ ਗਲਿਆਰਿਆਂ ਵਿੱਚ ਹਲਚਲ ਪੈਦਾ ਕਰ ਰਹੀ ਉਕਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਫਿਲਮ ਦੀ ਕਹਾਣੀ ਤੋਂ ਲੈ ਕੇ ਗੀਤ-ਸੰਗੀਤ ਅਤੇ ਸਿਨੇਮਾਟੋਗ੍ਰਾਫ਼ਰੀ ਆਦਿ ਹਰ ਪੱਖ ਉਪਰ ਕਾਫ਼ੀ ਮਿਹਨਤ ਕੀਤੀ ਗਈ ਹੈ, ਜੋ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਨਾਤਮਕਤਾ ਦਾ ਵੀ ਅਹਿਸਾਸ ਕਰਵਾਏਗੀ।
ਇਹ ਵੀ ਪੜ੍ਹੋ:
- ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਦੀ ਪਾਰਟੀ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਗਿੱਪੀ ਗਰੇਵਾਲ-ਬੱਬੂ ਮਾਨ ਸਮੇਤ ਇਹ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਿਲ
- 'ਬਦਨਾਮ' ਨਾਲ ਤਬਾਹੀ ਮਚਾਉਣ ਆ ਰਹੇ ਨੇ ਜੈ ਰੰਧਾਵਾ, ਇੱਕੋਂ ਫਿਲਮ ਲਈ ਗਾਏ 4 ਵੱਡੇ ਗਾਇਕਾਂ ਨੇ ਗੀਤ
- ਖਰਾਬ ਸਿਹਤ ਕਾਰਨ ਹਸਪਤਾਲ 'ਚ ਭਰਤੀ ਹੋਏ ਅੰਮ੍ਰਿਤਸਰ ਸਾਹਿਬ ਦੇ ਇਹ ਦਿੱਗਜ ਅਦਾਕਾਰ, ਕੰਮ ਦੇ ਲਈ ਨਹੀਂ ਕਰਦੇ ਕਿਸੇ ਦੀ ਚਾਪਲੂਸੀ