ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 16,922 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 418 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 4,73,105 ਹੋ ਗਈ ਹੈ ਤੇ ਹੁਣ ਤੱਕ 14,894 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 2,71,697 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਮਹਾਰਾਸ਼ਟਰ ਸਭ ਤੋਂ ਅੱਗੇ ਹੈ ਜਿੱਥੇ 1.40 ਲੱਖ ਲੋਕ ਇਸ ਵਾਇਰਸ ਨਾਲ ਪੀੜਤ ਹਨ ਅਤੇ 6, 739 ਲੋਕਾਂ ਦੀ ਮੌਤ ਹੋ ਗਈ ਹੈ ਤੇ 73,792 ਲੋਕ ਸਿਹਤਯਾਬ ਹੋ ਗਏ ਹਨ। ਦਿੱਲੀ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 73,000 ਨੂੰ ਪਾਰ ਕਰ ਗਈ ਹੈ।
ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 3390 ਨਵੇਂ ਕੇਸ ਸਾਹਮਣੇ ਆਏ ਅਤੇ ਇਹ ਅੰਕੜਾ 73,780 ਤੱਕ ਪਹੁੰਚ ਗਿਆ। ਇਸ ਸਮੇਂ ਦੌਰਾਨ 3328 ਮਰੀਜ਼ ਵੀ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ ਕੁੱਲ 44,765 ਮਰੀਜ਼ ਕੋਰੋਨਾ ਨੂੰ ਹਰਾ ਕੇ ਵਾਪਸ ਘਰ ਪਰਤੇ ਹਨ। ਪਿਛਲੇ 24 ਘੰਟਿਆਂ ਵਿੱਚ 64 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2,429 ਹੋ ਗਈ ਹੈ। ਦਿੱਲੀ ਵਿਚ ਇਸ ਵੇਲੇ 26,586 ਮਾਮਲੇ ਐਕਟਿਵ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 4769 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1457 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 120 ਲੋਕਾਂ ਦੀ ਮੌਤ ਹੋਈ ਹੈ।