ਹੈਦਰਾਬਾਦ: ਵਿਸ਼ਵ ਸਿਹਤ ਸੰਗਠਨ ਤੇ ਯੂਐਨ ਏਡਜ਼ ਵੱਲੋਂ ਬੁਲਾਏ ਗਏ ਇੱਕ ਮਾਡਲਿੰਗ ਸਮੂਹ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਜੇਕਰ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਅਤੇ ਦਵਾਈਆਂ ਦੀ ਸਪਲਾਈ 'ਚ ਰੁਕਾਵਟਾਂ ਨੂੰ ਘਟਾਉਣ ਦੀ ਕੋਸ਼ਿਸ਼ ਨਾ ਕੀਤੀ ਗਈ, ਤਾਂ ਐਂਟੀਰੇਟ੍ਰੋਵਾਈਰਲ ਥੈਰੇਪੀ ਏਡਜ਼ ਤੋਂ ਛੇ ਮਹੀਨਿਆਂ ਤੱਕ ਬੰਦ ਰਹਿਣ ਨਾਲ ਸਬੰਧਤ ਬੀਮਾਰੀਆਂ ਨਾਲ ਤਕਰੀਬਨ 5 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ।
ਡਬਲਯੂਐਚਓ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਡੇਨੋਮ ਗੈਬਰੇਅਜ਼ ਨੇ ਕਿਹਾ ਕਿ ਅਫਰੀਕਾ ਵਿੱਚ ਏਡਜ਼ ਨਾਲ ਸਬੰਧਤ ਬਿਮਾਰੀਆਂ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਤੋਂ ਵੱਧ ਹੋ ਸਕਦੀ ਹੈ। ਇਹ ਇਤਿਹਾਸ ਨੂੰ ਦੁਹਰਾਉਣ ਵਰਗਾ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਮਹੱਤਵਪੂਰਣ ਸਿਹਤ ਸੇਵਾਵਾਂ ਨੂੰ ਬਣਾਈ ਰੱਖਣ ਦੀ ਲੋੜ ਹੈ। ਕੁੱਝ ਦੇਸ਼ ਪਹਿਲਾਂ ਹੀ ਐੱਚਆਈਵੀ ਲਈ ਮਹੱਤਵਪੂਰਣ ਕਦਮ ਚੁੱਕ ਰਹੇ ਹਨ। ਉਦਾਹਰਣ ਵਜੋਂ, ਸਾਰੇ ਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਲੋਕ ਡਰਾਪ-ਆਫ਼ ਪੁਆਇੰਟ ਤੋਂ ਇਲਾਜ ਦੀਆਂ ਸਵੈ-ਜਾਂਚ ਕਿੱਟਾਂ ਸਣੇ ਲੋੜੀਂਦੀਆਂ ਚੀਜ਼ਾਂ ਇਕੱਤਰ ਕਰ ਸਕਦੇ ਹਨ, ਤਾਂ ਜੋ ਸਿਹਤ ਸੇਵਾਵਾਂ ਅਤੇ ਸਿਹਤ ਕਰਮਚਾਰੀਆਂ ਨੂੰ ਰਾਹਤ ਮਿਲ ਸਕੇ।
ਡਬਲਯੂਐਚਓ ਦੇ ਮੁਖੀ ਅਡੇਨੋਮ ਗੈਬਰੇਅਜ਼ ਨੇ ਕਿਹਾ ਕਿ ਸਾਨੂੰ ਲਾਜ਼ਮੀ ਤੌਰ 'ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਸ਼ਵਵਿਆਪੀ ਟੈਸਟਿੰਗ ਅਤੇ ਇਲਾਜ ਦੀ ਸਪਲਾਈ ਉਨ੍ਹਾਂ ਦੇਸ਼ਾਂ ਵਿੱਚ ਜਾਰੀ ਰਹੇ ਜਿਥੇ ਉਨ੍ਹਾਂ ਦੀ ਬੇਹਦ ਲੋੜ ਹੈ।
ਗੈਬਰੇਅਜ਼ ਨੇ ਕਿਹਾ ਕਿ ਉਪ ਸਹਾਰਾ ਅਫਰੀਕਾ ਵਿੱਚ ਤਕਰੀਬਨ 25.7 ਮਿਲੀਅਨ ਲੋਕ ਏਡਜ਼ ਤੋਂ ਪੀੜਤ ਹਨ। 2018 ਵਿੱਚ, ਇਨ੍ਹਾਂ ਚੋਂ 16.4 ਮਿਲੀਅਨ (64%) ਲੋਕਾਂ ਦੀ ਐਂਟੀਰੇਟ੍ਰੋਵਾਈਰਲ ਥੈਰੇਪੀ ਹੋ ਰਹੀ ਸੀ।
ਕੋਰੋਨਾ ਵਾਇਰਸ ਦੌਰਾਨ ਐੱਚਆਈਵੀ ਸੇਵਾਵਾਂ ਬੰਦ ਹਨ ਜਾਂ ਸਪਲਾਈ 'ਚ ਰੁਕਾਵਟਾਂ ਦੇ ਕਾਰਨ ਐਂਟੀਰੀਟ੍ਰੋਵਾਈਰਲ ਥੈਰੇਪੀ ਸੰਭਵ ਨਹੀਂ ਹੋ ਪਾ ਰਹੀ ਹੈ। ਜਿਸ ਦਾ ਅਸਰ ਲੋਕਾਂ ਦੇ ਇਲਾਜ 'ਤੇ ਪੈ ਰਿਹਾ ਹੈ। ਇਸ ਨਾਲ ਖ਼ਤਰਾ ਹੋਰ ਵੱਧ ਸਕਦਾ ਹੈ। ਰੋਕੀਆਂ ਗਈਆਂ ਸੇਵਾਵਾਂ ਐੱਚਆਈਵੀ ਪੌਜ਼ੀਟਿਵ ਮਾਂ ਤੋਂ ਜਣੇਪੇ ਦੌਰਾਨ ਬੱਚੇ ਨੂੰ ਹੋਣ ਵਾਲੇ ਸੰਕਰਮਣ ਦੇ ਬਚਾਅ ਵਿੱਚ ਪ੍ਰਾਪਤ ਸਫਲਤਾ ਨੂੰ ਪਲਟ ਸਕਦੀਆਂ ਹਨ।
ਉਪ-ਸਹਾਰਾ ਅਫਰੀਕਾ ਖ਼ੇਤਰ ਵਿੱਚ ਸਾਲ 2010 ਤੋਂ ਬਾਅਦ ਐੱਚਆਈਵੀ ਸੰਕਰਮਿਤ ਬੱਚਿਆਂ ਵਿੱਚ 43 ਫੀਸਦੀ ਕਮੀ ਆਈ ਹੈ।
ਕੋਰੋਨਾ ਵਾਇਰਸ ਕਾਰਨ ਛੇ ਮਹੀਨਿਆਂ ਲਈ ਇਨ੍ਹਾਂ ਸੇਵਾਵਾਂ ਦੇ ਬੰਦ ਹੋਣ ਨਾਲ ਨਵੇਂ ਬੱਚੇ ਦੇ ਐੱਚਆਈਵੀ ਸੰਕਰਮਣ ਵਿੱਚ ਮਹੱਤਵਪੂਰਣ ਵਾਧਾ ਵੇਖਿਆ ਜਾ ਸਕਦਾ ਹੈ, ਇਹ ਮੌਜ਼ਾਮਬੀਕ 'ਚ 37%, ਮਲਾਵੀ 'ਚ 78%, ਜ਼ਿੰਬਾਬਵੇ 'ਚ 78% ਅਤੇ ਯੂਗਾਂਡਾ ਵਿੱਚ 104% ਤੱਕ ਵੱਧ ਸਕਦਾ ਹੈ।