ਨਵੀਂ ਦਿੱਲੀ: ਕਾਂਗਰਸੀ ਆਗੂ ਸੈਮ ਪਿਤਰੌਦਾ ਵਲੋਂ 1984 ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਸਿਆਸਤ ਭੱਖ ਚੁੱਕੀ ਹੈ। ਕਾਂਗਰਸ ਦੇ ਵਿਰੋਧੀ ਧਿਰਾਂ ਨੇ ਕਾਂਗਰਸ ਪਾਰਟੀ ਨੂੰ ਘੇਰੇ ਵਿੱਚ ਲੈ ਲਿਆ ਹੈ। ਇਸ ਦੇ ਚਲਦੇ ਡੀਐਸਜੀਪੀਸੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਕਾਂਗਰਸ ਵਿਰੁੱਧ ਵੱਡਾ ਬਿਆਨ ਦਿੰਦੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਮਨਜਿੰਦਰ ਸਿਰਸਾ ਨੇ ਕਿਹਾ ਕਿ ਕਾਂਗਰਸੀ ਆਗੂ ਸੈਮ ਪਿਤਰੌਦਾ ਦੇ ਬਿਆਨ ਮਗਰੋਂ ਕਾਂਗਰਸ ਦੀ ਹੁਣ ਜਾਗ ਖੁਲ੍ਹੀ ਹੈ। ਇਸ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ 34 ਸਾਲ ਪਹਿਲਾਂ ਸਿੱਖਾਂ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਬਿਲਕੁਲ ਨਹੀਂ ਬਦਲੀ ਹੈ, ਰਾਹੁਲ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ। ਕਾਂਗਰਸ ਹੁਣ ਲੋਕਾਂ ਨੂੰ ਇਹ ਜਵਾਬ ਦੇਣ ਵਿੱਚ ਅਸਮਰਥ ਹੈ ਕਿ ਉਹ 84 ਦੇ ਦੰਗਾ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਕਿਉਂ ਨਹੀਂ ਦਿਲਾ ਸਕੀ।
ਜ਼ਿਕਰੋਯਗ ਹੈ ਕਿ ਪਿਛਲੇ ਦਿਨੀਂ ਕਾਂਗਰਸੀ ਆਗੂ ਸੈਮ ਪਿਤਰੌਦਾ ਵਲੋਂ 1984 ਸਿੱਖ ਪੀੜਤਾਂ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ ''1984 ਮੇਂ ਜੋ ਹੂਆ ਸੋ ਹੁਆ'', ਜਿਸ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਇਸ ਤੋਂ ਨਾਰਾਜ਼ ਸਿੱਖ ਪੀੜਤਾਂ ਨੇ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਸੈਮ ਪਿਤਰੌਦਾ ਨੂੰ ਕਾਂਗਰਸ ਪਾਰਟੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ।